ਜਾਨਲੇਵਾ ਬਣੀ ਬਾਰਿਸ਼, ਹੁਣ ਤੱਕ 22 ਲੋਕਾਂ ਦੀ ਮੌਤ

ਨਵੀਂ ਦਿੱਲੀ— ਪੰਜਾਬ, ਹਰਿਆਣਾ ਅਤੇ ਹਿਮਾਚਲ ‘ਚ ਭਾਰੀ ਬਾਰਿਸ਼ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਹਿਮਾਚਲ ਪ੍ਰਦੇਸ਼ ‘ਚ ਬਹੁਤ ਸਾਰੇ ਇਲਾਕਿਆਂ ‘ਚ ਰੁੱਕ-ਰੁੱਕ ਕੇ ਭਾਰੀ ਬਾਰਿਸ਼ ਹੋਈ ਅਤੇ ਉਚਾਈ ਵਾਲੇ ਸਥਾਨਾਂ ‘ਤੇ ਬਰਫਬਾਰੀ ਹੋਈ। ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ ਫਿਸਲਣ ਵਧਣ ਨਾਲ ਵੱਖ-ਵੱਖ ਸੜਕ ਹਾਦਸਿਆਂ ‘ਚ 18 ਲੋਕਾਂ ਦੀ ਮੌਤ ਹੋ ਗਈ। ਪ੍ਰਦੇਸ਼ ਦੇ ਰੋਹਤਾਂਗ ‘ਚ ਫਸੇ ਹੋਏ 20 ਲੋਕਾਂ ਨੂੰ ਐਤਵਾਰ ਨੂੰ ਬਚਾਇਆ ਗਿਆ। ਭਾਰੀ ਬਾਰਿਸ਼ ਦੇ ਚੱਲਦੇ ਹਿਮਾਚਲ ਦੇ ਕਈ ਜ਼ਿਲਿਆਂ ਦੇ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਹਰਿਆਣਾ ‘ਚ ਸਿਰਸਾ ‘ਚ ਡਬਵਾਲੀ ਦੇ ਪਿੰਡ ਨੀਲਾਂਵਾਲੀ ‘ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਜ ਇਕ ਮਕਾਨ ਦੀ ਛੱਡ ਢੱਠਣ ਨਾਲ ਮਾਂ-ਬੇਟੀ ਦੀ ਮੌਤ ਹੋ ਗਈ ਜਦਕਿ ਪਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ।
ਪੰਜਾਬ ‘ਚ ਨਵਾਂ ਸ਼ਹਿਰ ਨੇੜੇ ਪਿੰਡ ਪੋਲਟਰੀ ਫਾਰਮ ਦੀ ਛੱਤ ਡਿੱਗ ਜਾਣ ਦੇ ਚੱਲਦੇ ਕਮਰੇ ‘ਚ ਸੌ ਰਹੇ ਪ੍ਰਵਾਸੀ ਮਜ਼ਦੂਰ ਦੇ ਪਰਿਵਾਰ ਦੇ 2 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀ ਪਛਾਣ ਮੋਹਨ ਅਤੇ ਉਸ ਦੇ ਬੇਟੇ ਗਰਜੇਸ਼ ਦੇ ਤੌਰ ‘ਤੇ ਹੋਈ ਹੈ।
ਮੌਸਮ ਵਿਭਾਗ ਮੁਤਾਬਕ ਉਤਰਾਖੰਡ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ, ਰਾਜਸਥਾਨ, ਅੰਡੇਮਾਨ ਅਤੇ ਮੇਘਾਲਿਆ, ਜੰਮੂ ਕਸ਼ਮੀਰ, ਪੱਛਮੀ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ‘ਚ ਭਾਰੀ ਬਾਰਿਸ਼ ਹੋਈ ਹੈ।