ਅਕਾਲੀ ਦਲ ਨੇ ਸਾਰੇ 164 ਬੂਥਾਂ ਉੱਤੇ ਦੁਬਾਰਾ ਪੋਲਿੰਗ ਕਰਾਉਣ ਦੀ ਮੰਗ ਕੀਤੀ

ਕਿਹਾ ਕਿ ਆਜ਼ਾਦ ਅਤੇ ਨਿਰਪੱਖ ਚੋਣਾਂ ਬਾਰੇ ਜਾਂਚ ਮੁਕੰਮਲ ਹੋਣ ਤਕ ਵੋਟਾਂ ਦੀ ਗਿਣਤੀ ਮੁਲਤਵੀ ਕੀਤੀ ਜਾਵੇ
ਚੰਡੀਗੜ :ਸ਼੍ਰੋਮਣੀ ਅਕਾਲੀ ਦਲ ਨੇ ਰਾਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਹੈ ਕਿ ਬਾਕੀ ਬਚਦੇ 110 ਪੋਲਿੰਗ ਬੂਥਾਂ ਉੱਤੇ ਵੀ ਦੁਬਾਰਾ ਵੋਟਾਂ ਪਵਾਈਆਂ ਜਾਣ ਅਤੇ ਵੋਟਰਾਂ ਅਤੇ ਲੜਣ ਵਾਲੇ ਉਮੀਦਵਾਰਾਂ ਨਾਲ ਇਨਸਾਫ ਕਰਨ ਵਾਸਤੇ ਸੰਬੰਧਿਤ ਹਲਕਿਆਂ ਵਿਚ ਵੋਟਾਂ ਦੀ ਗਿਣਤੀ ਮੁਲਤਵੀ ਕੀਤੀ ਜਾਵੇ। ਇਸ ਤੋਂ ਇਲਾਵਾ ਅਕਾਲੀ ਦਲ ਨੇ ਵੋਟਾਂ ਦੀ ਗਿਣਤੀ ਕਰਨ ਵਾਲੇ ਸਾਰੇ ਕੇਂਦਰਾਂ ਦੀ ਅੰਦਰੋਂ ਅਤੇ ਬਾਹਰੋਂ ਵੀਡਿਓਗ੍ਰਾਫੀ ਕਰਵਾਉਣ ਦੀ ਵੀ ਮੰਗ ਕੀਤੀ ਹੈ ਅਤੇ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਲੈ ਕੇ ਮੁਕੰਮਲ ਹੋਣ ਤਕ ਆਬਜ਼ਰਬਰਾਂ ਨੂੰ ਗਿਣਤੀ ਕੇਂਦਰਾਂ ਵਿਚ ਮੌਜੂਦ ਰਹਿਣ ਦੇ ਨਿਰਦੇਸ਼ ਦੇਣ ਲਈ ਆਖਿਆ ਹੈ।
ਰਾਜ ਚੋਣ ਕਮਿਸ਼ਨ ਨੂੰ ਇਸ ਸੰਬੰਧੀ ਲਿਖੀ ਚਿੱਠੀ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ 8 ਜ਼ਿਲਿ•ਆਂ ਦੇ 54 ਪੋਲਿੰਗ ਸਟੇਸ਼ਨਾਂ ਉਤੇ ਦੁਬਾਰਾ ਪੋਲਿੰਗ ਕਰਵਾਉਣ ਲਈ ਕਮਿਸ਼ਨ ਦਾ ਧੰਨਵਾਦ ਕੀਤਾ ਹੈ ਪਰ ਨਾਲ ਹੀ ਹੈਰਾਨੀ ਪ੍ਰਗਟ ਕੀਤੀ ਹੈ ਕਿ ਬਾਕੀ ਬਚਦੇ 110 ਪੋਲਿੰਗ ਬੂਥਾਂ ਉੱਤੇ ਦੁਬਾਰਾ ਪੋਲਿੰਗ ਕਿਉਂ ਨਹੀਂ ਕਰਵਾਈ ਗਈ, ਜਦਕਿ ਇਹਨਾਂ ਬੂਥਾਂ ਉੱਤੇ ਵੀ ਬਾਕੀ ਬੂਥਾਂ ਵਾਂਗ ਹੀ ਕਬਜ਼ੇ ਕੀਤੇ ਗਏ ਸਨ। ਕਮਿਸ਼ਨ ਨੂੰ ਭੇਜੀ ਚਿੱਠੀ ਨਾਲ ਡਾਕਟਰ ਚੀਮਾ ਨੇ 164 ਬੂਥਾਂ ਦੀ ਸੂਚੀ ਭੇਜੀ ਹੈ, ਜਿੱਥੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਆਗੂਆਂ ਦੀ ਅਗਵਾਈ ਵਿਚ ਕਾਂਗਰਸੀ ਗੁੰਡਿਆਂ ਨੇ ਬੂਥਾਂ ਉੱਤੇ ਕਬਜ਼ੇ ਕੀਤੇ ਸਨ।
ਡਾਕਟਰ ਚੀਮਾ ਨੇ ਚੋਣ ਕਮਿਸ਼ਨ ਦੀ ਅਪੀਲ ਕੀਤੀ ਕਿ ਲੋਕਾਂ ਦਾ ਲੋਕਤੰਤਰ ਵਿਚ ਵਿਸਵਾਸ਼ ਬਹਾਲ ਕਰਵਾਉਣ ਅਤੇ ਕਮਿਸ਼ਨ ਦੀ ਗੁਆਚੀ ਭਰੋਸੇਯੋਗਤਾ ਵਾਪਸ ਲੈਣ ਲਈ ਇਹਨਾਂ ਘਟਨਾਵਾਂ ਦੀ ਤੁਰੰਤ ਜਾਂਚ ਕਰਵਾਈ ਜਾਵੇ ਅਤੇ ਦੁਬਾਰਾ ਵੋਟਾਂ ਪਵਾਈਆਂ ਜਾਣ। ਉਹਨਾਂ ਕਿਹਾ ਕਿ ਸਿਰਫ ਦੁਬਾਰਾ ਪੋਲਿੰਗ ਕਰਾਉਣਾ ਹੀ ਕਾਫੀ ਨਹੀਂ, ਸਗੋਂ ਚੋਣ ਕਮਿਸ਼ਨ ਇਹਨਾਂ ਘਟਨਾਵਾਂ ਲਈ ਜ਼ਿੰਮੇਵਾਰੀ ਤੈਅ ਕਰਦੇ ਹੋਏ ਦੋਸ਼ੀ ਅਧਿਕਾਰੀਆਂ ਦੀ ਪਛਾਣ ਕਰੇ ਅਤੇ ਉਹਨਾਂ ਖ਼ਿਲਾਫ ਬਣਦੀ ਕਾਰਵਾਈ ਕਰੇ।
ਵੋਟਾਂ ਦੀ ਗਿਣਤੀ ਵੇਲੇ ਹੇਰਾਫੇਰੀਆਂ ਦਾ ਖਦਸ਼ਾ ਜ਼ਾਹਿਰ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਅਧਿਕਾਰੀਆਂ ਨੇ ਉਮੀਦਵਾਰਾਂ ਦੇ ਖਾਲੀ ਫਾਰਮਾਂ ਉੱਤੇ ਹੀ ਦਸਤਖ਼ਤ ਕਰਵਾ ਲਏ ਸਨ, ਜਿਹਨਾਂ ਦੀ ਨਤੀਜੇ ਘੋਸ਼ਿਤ ਕਰਦੇ ਸਮੇਂ ਦੁਰਵਰਤੋਂ ਕੀਤੀ ਜਾ ਸਕਦੀ ਹੈ। ਉਹਨਾਂ ਨੇ ਚੋਣ ਕਮਿਸ਼ਨ ਨੂੰ ਫਾਰਮਾਂ ਨੂੰ ਬਦਲਣ ਦੀ ਅਪੀਲ ਕੀਤੀ ਤਾਂ ਕਿ ਇਹਨਾਂ ਫਾਰਮਾਂ ਉੱਤੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੀ ਉਮੀਦਵਾਰਾਂ ਦੇ ਦਸਤਖ਼ਤ ਹੋਣ।