ਸੋਨਮ ਕਪੂਰ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਫ਼ਿਲਮਾਂ ਦਾ ਹਿੱਸਾ ਬਣਨਾ ਚਾਹੁੰਦੀ ਹੈ ਜੋ ਮਨੋਰੰਜਨ ਦੇ ਨਾਲ ਨਾਲ ਸਮਾਜ ‘ਤੇ ਚੰਗਾ ਪ੍ਰਭਾਵ ਪਾਉਣ। ਸੋਨਮ ਨੇ ਕਿਹਾ ਕਿ ਉਹ ਇਸ ਵਕਤ ਅਜਿਹੀ ਹੀ ਕਿਸੇ ਕਹਾਣੀ ਦੀ ਤਲਾਸ਼ ਵਿੱਚ ਹੈ। ਇਹ ਸਾਲ ਹੁਣ ਤਕ ਸੋਨਮ ਦੀ ਕਰੀਅਰ ਲਈ ਬਹੁਤ ਚੰਗਾ ਰਿਹਾ ਹੈ। ਇਸ ਸਾਲ ਉਸ ਦੀਆਂ ਪੈਡਮੈਨ, ਵੀਰੇ ਦੀ ਵੈਡਿੰਗ ਅਤੇ ਸੰਜੂ ਵਰਗੀਆਂ ਫ਼ਿਲਮਾਂ ਰਿਲੀਜ਼ ਹੋਈਆਂ। ਇਨ੍ਹਾਂ ਸਾਰੀਆਂ ਫ਼ਿਲਮਾਂ ਨੇ ਪਰਦੇ ‘ਤੇ ਚੰਗੀ ਕਮਾਈ ਕੀਤੀ। ਸੋਨਮ ਅਨੁਸਾਰ ਰਾਂਝਣਾ ਫ਼ਿਲਮ ਤੋਂ ਬਾਅਦ ਉਸ ਨਾਲ ਚੰਗਾ ਹੀ ਹੋ ਰਿਹਾ ਹੈ। ਫ਼ਿਲਮ ਨਿਰਦੇਸ਼ਕਾਂ ਨੇ ਵੀ ਉਸ ‘ਤੇ ਭਰੋਸਾ ਕੀਤਾ ਅਤੇ ਲੋਕਾਂ ਦੀਆਂ ਧਾਰਨਾਵਾਂ ‘ਚ ਵੀ ਤਬਦੀਲੀ ਆਈ ਹੈ। ਪਿਛਲੇ ਛੇ ਸਾਲਾਂ ਤੋਂ ਸੋਨਮ ਦੀ ਕੋਈ ਵੀ ਫ਼ਿਲਮ ਅਸਫ਼ਲ ਨਹੀਂ ਹੋਈ। ਹੁਣ ਸੋਨਮ ਨੇ ਅਨੁਜਾ ਚੌਹਾਨ ਦੇ ਨਾਵਲ ‘ਤੇ ਆਧਾਰਿਤ ਆਪਣੀ ਅਗਲੀ ਫ਼ਿਲਮ ਦਾ ਜੋਆ ਫ਼ੈਕਟਰ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਤੋਂ ਬਾਅਦ ਉਹ ਵਿਨੋਦ ਚੋਪੜਾ ਦੀ ਅਗਲੀ ਫ਼ਿਲਮ ਏਕ ਲੜਕੀ ਕੋ ਦੇਖਾ ਤੋ ਐਸਾ ਲਗਾ ‘ਚ ਕੰਮ ਕਰੇਗੀ। ਇਸ ਫ਼ਿਲਮ ‘ਚ ਸੋਨਮ ਪਹਿਲੀ ਵਾਰ ਆਪਣੇ ਪਿਤਾ ਅਨਿਲ ਕਪੂਰ ਨਾਲ ਸਕ੍ਰੀਨ ਸਾਂਝੀ ਕਰਦੀ ਨਜ਼ਰ ਆਵੇਗੀ।