ਪਾਰਟੀ ‘ਚ ਵਾਪਸੀ ਲਈ ਛੋਟੇਪੁਰ ਨੇ ਕੇਜਰੀਵਾਲ ਸਾਹਮਣੇ ਰੱਖੀ ਸ਼ਰਤ

ਚੰਡੀਗੜ੍ਹ : ਆਪਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਹੈ ਕਿ ਜੇਕਰ ਕੇਜਰੀਵਾਲ ਮੇਰੇ ਤੋਂ ਮੁਆਫੀ ਮੰਗਦੇ ਹਨ ਤਾਂ ਉਹ ਪਾਰਟੀ ‘ਚ ਦੋਬਾਰਾ ਜਾਣ ਬਾਰੇ ਸੋਚ ਸਕਦੇ ਹਨ। ਛੋਟੇਪੁਰ ਨੇ ਕਿਹਾ ਕਿ ਜਿਸ ਤਰੀਕੇ ਨਾਲ ਮੈਨੂੰ ਝੂਠੇ ਦੋਸ਼ ਲਗਾ ਕੇ ਪਾਰਟੀ ‘ਚੋਂ ਕੱਢਿਆ ਗਿਆ ਸੀ, ਉਹ ਛੋਟੀ ਗੱਲ ਨਹੀਂ ਹੈ ਅਤੇ ਨਾ ਹੀ ਮੈਂ ਅਜੇ ਤਕ ਕੁੱਝ ਭੁੱਲਿਆ ਹਾਂ।
ਛੋਟੇਪੁਰ ਨੇ ਕਿਹਾ ਕਿ ਬੀਤੇ ਦਿਨੀਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਪ੍ਰੋ. ਬਲਵਿੰਦਰ ਕੌਰ, ਮੀਤ ਹੇਅਰ ਤੇ ਡਾ. ਬਲਵੀਰ ਸਿੰਘ ਮੈਨੂੰ ਮਿਲਣ ਆਏ ਸਨ ਅਤੇ ਉਨ੍ਹਾਂ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਕੇਜਰੀਵਾਲ ਨੂੰ ਗਲਤੀਆਂ ‘ਤੇ ਪਛਤਾਵਾ ਹੈ। ਮੈਂ ਉਕਤ ਆਗੂਆਂ ਨੂੰ ਸਪੱਸ਼ਟ ਤੌਰ ‘ਤੇ ਦੱਸ ਦਿੱਤਾ ਹੈ ਕਿ ਜੇ ਕੇਜਰੀਵਾਲ ਸੱਚੇ ਦਿਲੋਂ ਪੰਜਾਬੀਆਂ ਤੇ ਪੰਜਾਬ ਦੇ ਹਿੱਤਾਂ ਨਾਲ ਪਿਆਰ ਕਰਦੇ ਹਨ ਤਾਂ ਏਕਤਾ ਲਈ ਬਾਹਾਂ ਖੋਲ੍ਹ ਦੇਣ ਅਤੇ ਜੇਕਰ ਉਹ ਮੇਰੇ ਤੋਂ ਸਾਰੇ ਘਟਨਾਕ੍ਰਮ ਲਈ ਮੁਆਫੀ ਮੰਗਦੇ ਹਨ ਤਾਂ ਮੈਂ ਪਾਰਟੀ ‘ਚ ਮੁੜ ਜਾਣ ਬਾਰੇ ਵਿਚਾਰ ਕਰ ਸਕਦਾ ਹਾਂ।