ਫਰੀਦਕੋਟ : ਕੈਪਟਨ ਵਲੋਂ ਕੱਟੜ ਪੰਥੀਆਂ ਨੂੰ ਹੁਲਾਰਾ ਦੇਣ ਕਾਰਨ ਹੀ ਜਲੰਧਰ ਦੇ ਥਾਣੇ ਵਿਚ ਧਮਾਕੇ ਹੋਏ ਹਨ। ਪਹਿਲਾਂ ਵੀ ਕਾਂਗਰਸ ਪੰਜਾਬ ਨੂੰ ਕਾਲੇ ਦੌਰ ਵਿਚ ਧੱਕ ਚੁੱਕੀ ਹੈ ਅਤੇ ਅੱਜ ਫਿਰ ਇਹੋ ਕਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫਰੀਦਕੋਟ ਰੈਲੀ ਵਿਚ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਪੇਸ਼ ਕੀਤੇ। ਸੁਖਬੀਰ ਨੇ ਕਿਹਾ ਕਿ ਪਿਛਲੇ ਦਿਨੀਂ ਅਬੋਹਰ ‘ਚ ਹੋਈ ਰੈਲੀ ਦਾ ਇਕੱਠ ਦੇਖ ਕੇ ਕਾਂਗਰਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ, ਜਿਸ ਦੇ ਚੱਲਦੇ ਫਰੀਦਕੋਟ ਦੀ ਰੈਲੀ ਨੂੰ ਰੋਕਣ ਲਈ ਸਰਕਾਰ ਵਲੋਂ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ। ਸੁਖਬੀਰ ਨੇ ਕਿਹਾ ਕਿ ਸਿੱਖ ਹਿਤੈਸ਼ੀ ਕਹਾਉਣ ਵਾਲੀ ਕਾਂਗਰਸ ਨੇ ਸਭ ਤੋਂ ਵੱਡੀ ਬੇਅਦਬੀ ਕੀਤੀ ਹੈ। ਸੁਖਬੀਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ‘ਚ ਫੜ ਕੇ ਤਖਤ ਸ੍ਰੀ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਸਹੁੰ ਚੁੱਕੀ ਅਤੇ ਕਈ ਵਾਅਦੇ ਕੀਤੇ ਸਨ ਪਰ ਉਨ੍ਹਾਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਸਭ ਤੋਂ ਵੱਡੀ ਬੇਅਦਬੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ।
ਸੁਖਬੀਰ ਨੇ ਕਿਹਾ ਕਿ ਕਾਂਗਰਸ ਦੀ ਸ਼ਹਿ ‘ਤੇ ਬਰਗਾੜੀ ਵਿਖੇ ਮੋਰਚਾ ਲਗਾਇਆ ਗਿਆ ਹੈ। ਬਰਗਾੜੀ ‘ਚ ਰੋਜ਼ਾਨਾ ਖੀਰ ਅਤੇ ਜਲੇਬੀਆਂ ਦੇ ਲੰਗਰ ਲਗਾਏ ਜਾਂਦੇ, ਦਾਦੂਵਾਲ ਦੱਸੇ ਕਿ ਕਿਹੜੀ ਖੁਸ਼ੀ ‘ਚ ਬਰਗਾੜੀ ਮੋਰਚੇ ‘ਚ ਇਹ ਲੰਗਰ ਚਲਾਏ ਜਾਂਦੇ ਹਨ। ਸੁਖਬੀਰ ਨੇ ਕਿਹਾ ਕਿ ਦਾਦੂਵਾਲ ਦੱਸੇ ਕਿ ਉਸ ਦੇ ਖਾਤੇ ਵਿਚ 16 ਕਰੋੜ ਰੁਪਏ ਕਿੱਥੋਂ ਆਏ। ਉਨ੍ਹਾਂ ਕਿਹਾ ਕਿ ਦਾਦੂਵਾਲ ਦੇ 6 ਖਾਤੇ ਚੱਲ ਰਹੇ ਹਨ ਅਤੇ ਪਿਛਲੇ ਛੇ ਮਹੀਨਿਆਂ ਵਿਚ ਡੇਢ ਕਰੋੜ ਰੁਪਿਆ ਦਾਦੂਵਾਲ ਕੋਲ ਆਇਆ ਹੈ। ਸੁਖਬੀਰ ਨੇ ਕਿਹਾ ਕਿ ਇਹ ਪੈਸਾ ਆਈ. ਐੱਸ. ਆਈ. ਨੇ ਦਾਦੂਵਾਲ ਨੂੰ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰਨ ਲਈ ਭੇਜਿਆ ਹੈ।
ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਝੂਠ ਦਾ ਸਹਾਰਾ ਲੈ ਕੇ ਵਿਧਾਨ ਸਭਾ ਵਿਚ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ ਖਿਲਾਫ ਚਾਲਾਂ ਚੱਲੀਆਂ ਸਨ, ਪਰ ਹੁਣ ਪੰਜਾਬ ਦੇ ਲੋਕ ਇਨ੍ਹਾਂ ਪਾਰਟੀਆਂ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ, ਜਿਸ ਦੀ ਉਦਾਹਰਣ ਫਰੀਦਕੋਟ ਰੈਲੀ ਦੇ ਇਕੱਠ ਤੋਂ ਮਿਲਦੀ ਹੈ।
ਇਸ ਰੈਲੀ ਵਿੱਚ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ,ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ,ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ,ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾਕਟਰ ਚਰਨਜੀਤ ਸਿੰਘ ਅਟਵਾਲ , ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ,ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ,ਸ਼੍ਰੋਮਣੀ ਅਕਾਲੀ ਦਲ ਦੇ ਬੀ.ਸੀ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆਂ ,ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ, ਸਾਬਕਾ ਕੈਬਨਿਟ ਮੰਤਰੀ ਤੋਤਾ ਸਿੰਘ ,ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਹਾਜ਼ਿਰ ਸਨ।