ਚੰਡੀਗੜ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਰਾਹਤ ਦਿੰਦਿਆਂ ਫਰੀਦਕੋਟ ਵਿਖੇ ਆਯੋਜਿਤ ਹੋਣ ਵਾਲੀ ਪੋਲ ਖੋਲ ਰੈਲੀ ਲਈ ਮਨਜ਼ੂਰੀ ਦੇ ਦਿੱਤੀ ਹੈ। ਇਹ ਰੈਲੀ ਭਲਕੇ 16 ਸਤੰਬਰ ਨੂੰ ਕੀਤੀ ਜਾਣੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਰੈਲੀ ਲਈ ਪੁਖਤਾ ਸੁਰੱਖਿਆ ਦੇ ਇੰਤਜਾਮ ਕਰਨ ਦੇ ਵੀ ਆਦੇਸ਼ ਜਾਰੀ ਕੀਤੇ ਹਨ।
ਇਸ ਤੋਂ ਪਹਿਲਾਂ ਕੱਲ੍ਹ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਫਰੀਦਕੋਟ ਰੈਲੀ ਨੂੰ ਇਜਾਜ਼ਤ ਨਹੀਂ ਦਿੱਤੀ ਸੀ।
ਹਾਈ ਕੋਰਟ ਦੇ ਫੈਸਲੇ ਨੇ ਜਮਹੂਰੀਅਤ ਦਾ ਘਾਣ ਹੋਣ ਤੋਂ ਬਚਾਇਆ : ਬਾਦਲ
ਚੰਡੀਗੜ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਅਕਾਲੀ-ਭਾਜਪਾ ਨੂੰ ਰੈਲੀ ਕਰਨ ਦੀ ਆਗਿਆ ਦੇਣ ਵਾਲਾ ਫੈਸਲਾ ਸੁਣਾਉਣ ਵਾਸਤੇ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਜਮਹੂਰੀਅਤ ਉੱਤੇ ਇੱਕ ਘਾਤਕ ਹਮਲਾ ਕੀਤਾ ਸੀ। ਹਾਈ ਕੋਰਟ ਦੇ ਫੈਸਲੇ ਨਾ ਸਿਰਫ ਇਸ ਹਮਲੇ ਨੂੰ ਰੋਕਿਆ ਹੈ, ਸਗੋਂ ਪੰਜਾਬ ਵਿਚ ਅਮਨ ਅਤੇ ਫਿਰਕੂ ਸਦਭਾਵਨਾ ਕਾਇਮ ਰੱਖਣ ਲਈ ਅਕਾਲੀ-ਭਾਜਪਾ ਦੇ ਹੱਥ ਮਜ਼ਬੂਤ ਕੀਤੇ ਹਨ।
ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਇਹ ਰੈਲੀ ਨਿਰਧਾਰਿਤ ਸਮੇਂ ਅਨੁਸਾਰ ਕੱਲ• ਨੂੰ ਉਸੇ ਥਾਂ ਉੱਤੇ ਕੀਤੀ ਜਾਵੇਗੀ। ਅਸੀਂ ਹਾਈ ਕੋਰਟ ਦੇ ਹੁਕਮਾਂ ਦੀ ਪੂਰੀ ਤਰ•ਾਂ ਪਾਲਣਾ ਕਰਾਂਗੇ, ਕਿਉਂਕਿ ਅਸੀਂ ਪੰਜਾਬ ਵਿਚ ਅਮਨ ਅਤੇ ਫਿਰਕੂ ਸਦਭਾਵਨਾ ਬਣਾਏ ਰੱਖਣ ਲਈ ਪੂਰੀ ਤਰ•ਾਂ ਵਚਨਬੱਧ ਹਾਂ।
ਸਾਬਕਾ ਮੁੱਖ ਮੰਤਰੀ ਨੇ ਸਿੱਖ-ਵਿਰੋਧੀ ਕਾਂਗਰਸ ਪਾਰਟੀ ਅਤੇ ਸਿੱਖ ਮੁਖੌਟਿਆਂ ਪਿੱਛੇ ਲੁਕੇ ਇਸ ਦੇ ਪਿੱਠੂਆਂ ਦੀ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸੀਂ ਇਹਨਾਂ ਕਾਂਗਰਸੀ ਏਜੰਟਾਂ ਦਾ ਪਰਦਾਫਾਸ਼ ਕਰਾਂਗੇ , ਜਿਹੜੇ ਪੰਥ ਨੂੰ ਅੰਦਰੋਂ ਤੋੜਣ ਦੀ ਕੋਸ਼ਿਸ਼ ਕਰ ਰਹੇ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਖੇਡ ਦੀ ਸਾਫ ਦਿਸਦੀ ਹੈ। ਇਹ ਸਰਕਾਰ ਫਿਰਕੂ ਘੜਮੱਸ ਪੈਦਾ ਕਰਨ ਲਈ ਕੁੱਝ ਅਖੌਤੀ ਧਾਰਮਿਕ ਜਥੇਬੰਦੀਆਂ ਨੂੰ ਆਪਣੇ ਪਿੱਠੂਆਂ ਵਜੋਂ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਲੋਕਾਂ ਦਾ ਧਿਆਨ ਇਸ ਦੀ ਨਾਕਾਮੀਆਂ ਤੋਂ ਲਾਂਭੇ ਕੀਤਾ ਜਾ ਸਕੇ। ਉਹਨਾਂ ਕਿਹਾ ਕਿ ਪੰਜਾਬ ਵਿਚਲੀ ਕਾਂਗਰਸ ਸਰਕਾਰ ਸੂਬੇ ਅੰਦਰ ਫਿਰਕੂ ਅੱਗ ਦੀ ਧੂਣੀ ਬਾਲ ਕੇ ਰੱਖਣਾ ਚਾਹੁੰਦੀ ਹੈ ਤਾਂ ਕਿ ਲੋਕ ਇਸ ਕੋਲੋਂ ਉਹਨਾਂ ਵਾਅਦਿਆਂ ਬਾਰੇ ਨਾ ਪੁੱਛਣ ਜਿਹੜੇ ਇਹ ਤੋੜ ਚੁੱਕੀ ਹੈ। ਇਹਨਾਂ ਵਾਅਦਿਆਂ ਵਿਚ ਹਰ ਘਰ ਨੂੰ ਰੁਜ਼ਗਾਰ, ਗਰੀਬਾਂ ਲਈ ਮਕਾਨ, ਸ਼ਗਨ ਸਕੀਮ ਅਤੇ ਪੈਨਸ਼ਨ ਦੀ ਰਾਸ਼ੀ ਨੂੰ ਦੁੱਗਣਾ ਕਰਨਾ ਅਤੇ ਕਿਸਾਨਾਂ ਦੇ ਸਾਰੇ ਕਰਜ਼ੇ ਮੁਆਫ ਕਰਨਾ ਸ਼ਾਮਿਲ ਹਨ।
ਪੰਥ ਵਿਰੋਧੀ ਕਾਂਗਰਸੀ ਪਿੱਠੂਆਂ ਨੂੰ ਸਖ਼ਤ ਝਾੜ ਪਾਉਂਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹਨਾਂ ਅਖੌਤੀ ਪੰਥਕ ਗਰੁੱਪਾਂ ਨੂੰ ਪੰਥ ਵੱਲੋਂ ਵਾਰ ਵਾਰ ਰੱਦ ਕੀਤਾ ਚੁੱਕਿਆ ਹੈ। ਹੁਣ ਇਹ ਉਸ ਕਾਂਗਰਸ ਪਾਰਟੀ ਦੇ ਝੋਲੀ ਚੁੱਕ ਬਣੇ ਹੋਏ ਹਨ, ਜਿਸ ਦੇ ਹੱਥ ਸਿੱਖਾਂ ਦੇ ਖੂਨ ਨਾਲ ਰੰਗੇ ਹਨ। ਇਹ ਗਰੁੱਪ ਕਾਂਗਰਸ ਪਾਰਟੀ ਦੇ ਤਨਖਾਹ ਉੱਤੇ ਰੱਖੇ ਮੁਲਾਜ਼ਮ ਹਨ, ਜਿਹਨਾਂ ਨੂੰ ਕਾਂਗਰਸ ਨੇ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਇਸਤੇਮਾਲ ਕਰ ਰਹੀ ਹੈ।
ਇਹਨਾਂ ਅਖੌਤੀ ਪੰਥਕ ਅਤੇ ਕਾਂਗਰਸ ਪੱਖੀ ਗਰੁੱਪਾਂ ਦੀ ਨਿਖੇਧੀ ਕਰਦਿਆਂ ਸਰਦਾਰ ਬਾਦਲ ਨੇ ਪੁੱਛਿਆ ਕਿ ਕੀ ਉਹਨਾਂ ਨੇ ਕਦੇ ਮੁੱਖ ਮੰਤਰੀ ਵੱਲੋਂ ਕੀਤੀ ਬੇਅਦਬੀ ਬਾਰੇ ਸਵਾਲ ਕੀਤਾ ਹੈ, ਜਿਹੜੀ ਉਸ ਨੇ ਹੱਥ ਵਿਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਖਾਧੀ ਸਹੁੰ ਨੂੰ ਤੋੜ ਕੇ ਕੀਤੀ ਹੈ? ਉਹਨਾਂ ਕਿਹਾ ਕਿ ਇਹ ਅਖੌਤੀ ਪੰਥਕ ਗਰੁੱਪ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਾਤਲਾਂ ਅਤੇ ਇੱਕ ਅਜਿਹੀ ਪਾਰਟੀ ਦੀ ਧਿਰ ਬਣ ਰਹੇ ਹਨ, ਜਿਸ ਨੇ ਸ੍ਰੀ ਹਰਿਮੰਦਰ ਸਾਹਿਬ ਉੱਤੇ ਟੈਂਕ ਚੜਾਏ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹ ਢੇਰੀ ਕੀਤਾ ਸੀ। ਇੱਥੋਂ ਪਤਾ ਚੱਲਦਾ ਹੈ ਕਿ ਉਹ ਕਿੰਨੇ ਕੁ ਪੰਥਕ ਹਨ?