ਸਿੱਧੂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਦਾ ਕੋਈ ਹੱਕ ਨਹੀਂ: ਅਕਾਲੀ ਦਲ

ਚੰਡੀਗੜ:ਸੀਨੀਅਰ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵਰਗਾ ਪਤਿਤ ਵਿਅਕਤੀ, ਜੋ ਕਿ ਆਪਣੇ ਕੇਸਾਂ ਦਾ ਕਤਲ ਕਰਦਾ ਹੈ, ਕੇਸ ਰੰਗਦਾ ਹੈ ਅਤੇ ਅਜਿਹੀਆਂ ਧਾਰਮਿਕ ਰੀਤਾਂ ਕਰਦਾ ਹੈ, ਜਿਹਨਾਂ ਦੀ ਸਿੱਖ ਧਰਮ ਵਿਚ ਸਖ਼ਤ ਮਨਾਹੀ ਹੈ, ਉਹ ਗੁਰਸਿੱਖ ਵਿਅਕਤੀਆਂ ਖ਼ਿਲਾਫ ਆਪਣੀ ਨਫਰਤ ਦਾ ਇਜ਼ਹਾਰ ਕਰਨ ਲਈ ਕਿਹੜੇ ਮੂੰਹ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋਇਆ ਸੀ।
ਕਾਂਗਰਸੀ ਆਗੂ ਉੱਤੇ ਵਰ•ਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਉਹ ਸਿੱਖ ਧਰਮ ਬਾਰੇ ਗੱਲ ਕਰਨ ਤੋਂ ਪਹਿਲਾਂ ਸਿੱਖ ਮਰਿਆਦਾ ਦੇ ਸਿਧਾਂਤਾਂ ਦੀ ਜਾਣਕਾਰੀ ਲਵੇ ਅਤੇ ਸਾਬਤ ਸੂਰਤ ਸਿੱਖ ਬਣ ਕੇ ਵਿਖਾਏ। ਉਹਨਾਂ ਕਿਹਾ ਕਿ ਤੁਸੀਂ ਇੱਕ ਪਤਿਤ ਸਿੱਖ ਹੋ। ਤੁਸੀਂ ਇੱਕ ਸਾਬਤ ਸੂਰਤ ਸਿੱਖ ਬਣਨ ਦੀ ਥਾਂ ਆਪਣੇ ਟੀਵੀ ਸ਼ੋਅ ਨੂੰ ਵੱਧ ਅਹਿਮੀਅਤ ਦਿੰਦੇ ਹੋ। ਸਿੱਖ ਧਰਮ ਦੇ ਮੁੱਦਿਆਂ 1ੁੱੱਤੇ ਬੋਲਣ ਦਾ ਹੱਕ ਹਾਸਿਲ ਕਰਨ ਲਈ ਪਹਿਲਾਂ ਤੁਸੀਂ ਆਪਣੇ ਵਾਲ ਕੱਟਣੇ ਅਤੇ ਰੰਗਣੇ ਬੰਦ ਕਰੋ।
ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਜਦੋਂ ਤਕ ਸਿੱਧੂ ਸਿੱਖ ਕਦਰਾਂ ਕੀਮਤਾਂ ਬਾਰੇ ਬੋਲਣ ਦਾ ਢਕਵੰਜ ਨਹੀਂ ਕਰਦਾ, ਸਾਨੂੰ ਉਸ ਦੇ ਸਾਬਤ ਸੂਰਤ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਕਿ ਇਹ ਉਸ ਦਾ ਨਿੱਜੀ ਮਾਮਲਾ ਹੈ। ਪਰੰਤੂ ਜਦੋਂ ਉਹ ਖੁਦ ਕੇਸਾਂ ਦੀ ਪਵਿੱਤਰਤਾ ਨੂੰ ਲੈ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਹੁਕਮ ਦੀ ਅਵੱਗਿਆ ਕਰਦਾ ਹੈ ਅਤੇ ਸਿੱਖ ਧਰਮ ਵਿਚ ਵਰਜਿਤ ਰੀਤਾਂ ਅਤੇ ਕੁਰਬਾਨੀਆਂ ਵਿਚ ਯਕੀਨ ਰੱਖਦਾ ਹੈ ਤਾਂ ਉਸ ਨੂੰ ਕਿਸੇ ਵੀ ਸਿੱਖ ਮਸਲੇ ਉੱਤੇ ਬੋਲਣ ਦਾ ਕੋਈ ਹੱਕ ਨਹੀਂ ਹੈ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਿੱਧੂ ਨੇ ਖੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹਾਸੇ ਦਾ ਪਾਤਰ ਬਣਾਇਆ ਹੈ। ਸਿੱਧੂ ਇੱਕ ਅਜਿਹੀ ਪਾਰਟੀ ਦਾ ਨੁੰਮਾਇਦਾ ਹੈ, ਜਿਹੜੀ ਸਿੱਖਾਂ ਦੀ ਕਾਤਿਲ ਹੈ। ਇਸ ਪਾਰਟੀ ਨੇ 1984 ਵਿਚ ਸ੍ਰੀ ਹਰਿਮੰਦਰ ਸਾਹਿਬ ਉੱਤੇ ਹਮਲੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਤੋਪਾਂ ਨਾਲ ਢਾਹਿਆ ਸੀ, ਜਿਸ ਨੂੰ ਸਿੱਖ ਕਦੇ ਵੀ ਨਹੀਂ ਭੁਲਾਉਣਗੇ। ਉਹਨਾਂ ਕਿਹਾ ਕਿ ਸਿੱਧੂ ਨੇ ਸਿੱਖ ਵਿਰੋਧੀ ਕਾਂਗਰਸ ਪਾਰਟੀ ਨਾਲ ਸੰਬੰਧ ਰੱਖਣ ਵਾਲੇ ਇੱਕ ਪ੍ਰਧਾਨ ਮੰਤਰੀ ਦੇ ਹੁਕਮ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਹਮਲੇ ਜਾਂ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲੇਆਮ ਬਾਰੇ ਕਦੇ ਕੁੱਝ ਨਹੀਂ ਬੋਲਿਆ। ਸਿੱਧੂ ਨੇ ਇੱਕ ਸਿੱਖ ਵਿਰੋਧੀ ਪਾਰਟੀ ਤੋਂ ਵਜ਼ੀਰੀ ਲੈਣ ਲਈ ਆਪਣੀ ਸਿੱਖੀ ਨੂੰ ਤਿਆਗ ਦਿੱਤਾ ਹੈ। ਉਸ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋਣ ਦਾ ਕੋਈ ਹੱਕ ਨਹੀਂ ਹੈ।