ਰੂਪਨਗਰ ‘ਚ ਡੇਂਗੂ ਦਾ ਕਹਿਰ, ਮਰੀਜ਼ਾਂ ਦਾ ਅੰਕੜਾ 50 ਤੋਂ ਪਾਰ ਪਹੁੰਚਿਆ

ਰੂਪਨਗਰ — ਇਥੋਂ ਦੇ ਸਰਕਾਰੀ ਹਸਪਤਾਲ ‘ਚ ਡੇਂਗੂ ਦਾ ਸ਼ਿਕਾਰ ਹੋਏ ਮਰੀਜ਼ਾਂ ਦੀ ਭਰਮਾਰ ਲੱਗੀ ਹੋਈ ਹੈ। ਰੂਪਨਗਰ ਜ਼ਿਲੇ ਭਰ ‘ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ 55 ਤੱਕ ਪਹੁੰਚ ਗਿਆ ਅਤੇ ਲਾਗਤਾਰ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ। ਡੇਂਗੂ ਦੀ ਬੀਮਾਰੀ ਦਾ ਸ਼ਿਕਾਰ ਖਾਸ ਤੌਰ ‘ਤੇ ਸਦਾਵਰਤ ਅਤੇ ਅਮਨ ਕਾਲੋਨੀ ਦੇ ਲੋਕ ਹੋ ਰਹੇ ਹਨ। ਲੋਕਾਂ ‘ਚ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਪ੍ਰਤੀ ਖਾਸਾ ਰੋਸ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਕੋਈ ਵੀ ਸਫਾਈ ਨਹੀਂ ਕਰਵਾਈ ਜਾ ਰਹੀ ਅਤੇ ਨਾ ਹੀ ਸਿਹਤ ਵਿਭਾਗ ਵੱਲੋਂ ਕੋਈ ਡੇਂਗੂ ਦੀ ਰੋਕਥਾਮ ਲਈ ਖਾਸ ਪ੍ਰਬੰਧ ਕੀਤੇ ਗਏ ਹਨ, ਜਿਸ ਕਾਰਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਡੇਂਗੂ ਦੇ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਸਥਾਨਕ ਲੋਕਾਂ ਨੇ ਇਲਾਕੇ ‘ਚ ਸਥਿਤ ਇਕ ਕਬਾੜ ਦੀ ਦੁਕਾਨ ਨੂੰ ਵੀ ਡੇਂਗੂ ਦਾ ਅੱਡਾ ਦੱਸਦੇ ਹੋਏ ਕਿਹਾ ਕਿ ਕਬਾੜ ਦੀ ਦੁਕਾਨ ‘ਤੇ ਪਏ ਟਾਇਰ ਅਤੇ ਹੋਰ ਕਬਾੜ ਦੇ ਸਾਮਾਨ ‘ਚ ਜੋ ਬਰਸਾਤ ਦਾ ਪਾਣੀ ਜਮਾ ਹੈ, ਉਸ ‘ਚ ਡੇਂਗੂ ਮੱਛਰ ਦਾ ਲਾਵਾ ਪੈਦਾ ਹੋ ਕੇ ਡੇਗੂ ਦੇ ਮੱਛਰ ਪੈਦਾ ਹੋ ਰਹੇ ਹਨ ਜੋ ਡੇਂਗੂ ਫੈਲਾਅ ਰਹੇ ਹਨ।
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਨਕਰਾਦਿਆਂ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਵੱਲੋਂ ਸਮੇਂ ‘ਤੇ ਸ਼ਹਿਰ ਦੀ ਸਫਾਈ ਅਤੇ ਫੌਗਿੰਗ ਕੀਤੀ ਜਾਂਦੀ ਹੈ।
ਜ਼ਿਲੇ ‘ਚ ਫੈਲੀ ਡੇਂਗੂ ਦੀ ਬੀਮਾਰੀ ਸਬੰਧੀ ਜਦੋਂ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਬਲਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਫੀ ਮਰੀਜ਼ ਹਸਪਤਾਲ ‘ਚ ਆ ਰਹੇ ਹਨ ਪਰ ਸਥਿਤੀ ਕੰਟਰੋਲ ‘ਚ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ‘ਚ ਜਿਸ ਕਾਰਨ ਡੇਂਗੂ ਦੀ ਬੀਮਾਰੀ ਫੈਲ ਰਹੀ ਹੈ, ਅਸੀਂ ਉਹ ਥਾਂ ਦੀ ਪਛਾਣ ਰਹੇ ਹਨ। ਉਹ ਸਦਾਵਰਤ ਇਲਾਕੇ ‘ਚ ਕਬਾੜ ਦੀ ਦੁਕਾਨ ਹੈ, ਜਿਸ ਦੇ ਪਏ ਕਬਾੜਾ ‘ਚ ਭਰੇ ਪਾਣੀ ਕਾਰਨ ਡੇਂਗੂ ਦੇ ਮੱਛਰ ਪੈਦੇ ਹੋ ਰਹੇ ਹਨ। ਡਾ. ਬਲਦੇਵ ਸਿੰਘ ਕਿਹਾ ਕਿ ਉਨ੍ਹਾਂ ਵੱਲੋਂ ਕਬਾੜੀਏ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਉਕਤ ਸਮੱਸਿਆ ਦਾ ਤੂਰੰਤ ਹੱਲ ਕਰੇ। ਨੋਡਲ ਅਧਿਕਾਰੀ ਨੇ ਕਿਹਾ ਕਿ ਜੇਕਰ ਕਬਾੜੀਏ ਨੇ ਕੋਈ ਹੱਲ ਨਹੀਂ ਕੀਤਾ ਤਾਂ ਉਸ ਖਿਲਾਫ ਅਦਾਲਤ ‘ਚ ਕੇਸ ਲਗਾਇਆ ਜਾਵੇਗਾ।