ਨਵੀਂ ਦਿੱਲੀ— ਉੱਤਰੀ ਦਿੱਲੀ ਦੇ ਬੁਰਾੜੀ ’ਚ ਜੁਲਾਈ ਵਿਚ ਇਕੋ ਪਰਿਵਾਰ ਦੇ 11 ਮੈਂਬਰਾਂ ਦੇ ਉਨ੍ਹਾਂ ਦੇ ਘਰ ’ਚ ਮ੍ਰਿਤਕ ਮਿਲਣ ਦੇ ਮਾਮਲੇ ਵਿਚ ਮਨੋਵਿਗਿਆਨਕ ਅਾਟੋਪਸੀ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਲੋਕਾਂ ਨੇ ਖੁਦਕੁਸ਼ੀ ਨਹੀਂ ਕੀਤੀ ਸੀ, ਬਲਿਕ ਇਕ ਧਾਰਮਿਕ ਰਸਮ ਦੌਰਾਨ ਦੁਰਘਟਨਾ ਕਾਰਨ ਉਹ ਸਾਰੇ ਮਾਰੇ ਗਏ। ਦਿੱਲੀ ਪੁਲਸ ਨੇ ਜੁਲਾਈ ਵਿਚ ਸੀ. ਬੀ. ਆਈ. ਨੂੰ ਸਾਈਕਾਲੋਜੀਕਲ ਅਾਟੋਪਸੀ ਕਰਨ ਲਈ ਕਿਹਾ ਸੀ। ਉਸਨੂੰ ਬੁੱਧਵਾਰ ਸ਼ਾਮ ਇਹ ਰਿਪੋਰਟ ਮਿਲੀ। ਰਿਪੋਰਟ ਅਨੁਸਾਰ, ”ਮ੍ਰਿਤਕਾਂ ਦੀ ਮਨੋਵਿਗਿਆਨਕ ਆਟੋਪਸੀ ਦੇ ਅਧਿਐਨ ਦੇ ਆਧਾਰ ‘ਤੇ ਘਟਨਾ ਆਤਮਹੱਤਿਆ ਦੀ ਨਹੀਂ ਸੀ ਸਗੋਂ ਦੁਰਘਟਨਾ ਸੀ ਜੋ ਇਕ ਧਾਰਮਿਕ ਰਸਮ ਕਰਦੇ ਸਮੇਂ ਘੱਟ ਗਈ। ਕਿਸੇ ਵੀ ਮੈਂਬਰ ਦਾ ਆਪਣੀ ਜਾਨ ਲੈਣ ਦਾ ਇਰਾਦਾ ਨਹੀਂ ਸੀ।”
ਮਨੋਵਿਗਿਆਨਕ ਆਟੋਪਸੀ ਦੌਰਾਨ ਸੀ.ਬੀ.ਆਈ. ਦੀ ਕੇਂਦਰੀ ਫੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ (ਸੀ.ਐੱਫ.ਐੱਸ. ਐੱਲ.) ਨੇ ਘਰ ‘ਚ ਮਿਲੇ ਰਜਿਸਟਰਾਂ ‘ਚ ਲਿਖੀਆਂ ਗੱਲਾਂ ਦਾ ਅਤੇ ਪੁਲਸ ਦੁਆਰਾ ਦਰਜ ਕੀਤੇ ਗਏ ਚੂੰਡਾਵਤ ਪਰਿਵਾਰ ਦੇ ਮੈਬਰਾਂ ਅਤੇ ਦੋਸਤਾਂ ਦੇ ਬਿਆਨਾਂ ਦਾ ਵਿਸ਼ਲੇਸ਼ਣ ਕੀਤਾ। ਸੀ. ਐੱਫ. ਐੱਸ. ਐੱਲ.ਨੇ ਪਰਿਵਾਰ ਦੇ ਸਭ ਤੋਂ ਵੱਡੇ ਮੈਂਬਰ ਦਿਨੇਸ਼ ਸਿੰਘ ਚੂੰਡਾਵਤ ਅਤੇ ਉਨ੍ਹਾਂ ਦੀ ਭੈਣ ਸੁਜਾਤਾ ਨਾਗਪਾਲ ਅਤੇ ਹੋਰ ਰਿਸ਼ਤੇਦਾਰਾਂ ਤੋਂ ਵੀ ਪੁੱਛਗਿਛ ਕੀਤੀ। ਇਕ ਸੀਨੀਅਰ ਪੁਲਸ ਅਧਿਕਾਰੀ ਮੁਤਾਬਕ ਮਨੋਵਿਗਿਆਨਕ ਆਟੋਪਸੀ ਵਿਚ ਕਿਸੇ ਵਿਅਕਤੀ ਦੇ ਮੈਡੀਕਲ ਰਿਕਾਰਡ ਦਾ ਵਿਸ਼ਲੇਸ਼ਣ ਕਰਕੇ, ਦੋਸਤਾਂ ਅਤੇ ਪਰਿਵਾਰ ਦੇ ਮੈਬਰਾਂ ਵਲੋਂ ਪੁੱਛਗਿਛ ਕਰਕੇ ਅਤੇ ਮੌਤ ਤੋਂ ਪਹਿਲਾਂ ਉਸਦੀ ਮਾਨਸਿਕ ਹਾਲਤ ਦਾ ਅਧਿਐਨ ਕਰਕੇ ਉਸ ਸ਼ਖਸ ਦੀ ਮਾਨਸਿਕ ਹਾਲਤ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਸੂਤਰਾਂ ਅਨੁਸਾਰ ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਿਆ ਕਿ ਪਰਿਵਾਰ ਦਾ ਮੈਂਬਰ ਲਲਿਤ ਚੂੰਡਾਵਤ ਆਪਣੇ ਸੁਰਗਵਾਸੀ ਪਿਤਾ ਵੱਲੋਂ ਨਿਰਦੇਸ਼ ਮਿਲਣ ਦਾ ਦਾਅਵਾ ਕਰਦਾ ਸੀ ਅਤੇ ਉਸੇ ਹਿਸਾਬ ਨਾਲ ਪਰਿਵਾਰ ਦੇ ਹੋਰ ਮੈਬਰਾਂ ਕੋਲੋਂ ਕੁਝ ਗਤੀਵਿਧੀਆਂ ਕਰਵਾਉਂਦਾ ਸੀ। ਸੂਤਰਾਂ ਦੇ ਅਨੁਸਾਰ ਉਸ ਨੇ ਹੀ ਪਰਿਵਾਰ ਨੂੰ ਅਜਿਹਾ ਅਨੁਸ਼ਠਾਨ ਕਰਾਇਆ ਜਿਸ ‘ਚ ਉਨ੍ਹਾਂ ਨੇ ਆਪਣੇ ਹੱਥ-ਪੈਰ ਬੰਨ੍ਹੇ ਅਤੇ ਚਿਹਰੇ ਨੂੰ ਵੀ ਕੱਪੜੇ ਨਾਲ ਢੱਕ ਲਿਆ। ਚੂੰਡਾਵਤ ਪਰਿਵਾਰ ਦੇ ਇਹ 11 ਮੈਂਬਰ ਬੁਰਾੜੀ ਸਥਿਤ ਘਰ ‘ਚ ਮ੍ਰਿਤਕ ਮਿਲੇ ਸਨ।