184 ਵਾਲੰਟੀਅਰਾਂ ਨੇ ਕੀਤਾ ਖੂਨ ਦਾਨ, 18 ਤੋਂ 64 ਸਾਲ ਤੱਕ ਦੇ ਦਾਨੀਆਂ ਨੇ ਦਿਖਾਇਆ ਉਤਸ਼ਾਹ

ਜਲੰਧਰ — ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦੀ 37ਵੀਂ ਬਰਸੀ ਦੇ ਸਬੰਧ ‘ਚ ‘ਜਗ ਬਾਣੀ’ ਦਫਤਰ ‘ਚ ਆਯੋਜਤ ਖੂਨਦਾਨ ਕੈਂਪ ‘ਚ ਵੱਖ-ਵੱਖ ਸੰਸਥਾਵਾਂ ਅਤੇ ਵਰਗਾਂ ਦੇ ਲੋਕਾਂ ਨੇ ਹਿੱਸਾ ਲਿਆ ਅਤੇ 184 ਦਾਨੀਆਂ ਨੇ ਖੂਨਦਾਨ ਕੀਤਾ।
ਇਸ ਕੈਂਪ ਦਾ ਉਦਘਾਟਨ ਪੰਜਾਬ ਕੇਸਰੀ ਗਰੁੱਪ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ, ਆਰ. ਐੱਸ. ਜੌਲੀ, ਯੋਗਾ ਆਚਾਰਿਆ ਵੀਰੇਂਦਰ ਸ਼ਰਮਾ ਅਤੇ ਹੋਰ ਪਤਵੰਤੇ ਸੱਜਣਾਂ ਨੇ ਲਾਲਾ ਜੀ ਦੇ ਚਿੱਤਰ ‘ਤੇ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕੀਤਾ ਅਤੇ ਕਿਹਾ ਕਿ ਲਾਲਾ ਜੀ ਦੇ ਬਲਿਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਕੈਂਪ ‘ਚ 18 ਤੋਂ 64 ਸਾਲ ਤੱਕ ਦੇ ਲੋਕਾਂ ਨੇ ਖੂਨ ਦਾਨ ਕੀਤਾ ਅਤੇ ਇਨ੍ਹਾਂ ‘ਚੋਂ ਕਈ ਅਜਿਹੇ ਖੂਨ ਦਾਨੀ ਵੀ ਸਨ ਜੋ ਪਹਿਲਾਂ ਵੀ ਕਈ ਵਾਰ ਖੂਨਦਾਨ ਕਰ ਚੁੱਕੇ ਹਨ।
18 ਤੋਂ 65 ਸਾਲ ਤੱਕ ਦਾ ਸਿਹਤਮੰਦ ਵਿਅਕਤੀ 3 ਮਹੀਨਿਆਂ ਬਾਅਦ ਕਰ ਸਕਦੈ ਖੂਨਦਾਨ : ਡਾ. ਗਗਨਦੀਪ
ਖੂਨਦਾਨ ਕੈਂਪ ‘ਚ ਸਿਵਲ ਹਸਪਤਾਲ ਦੇ ਬਲੱਡ ਬੈਂਕ ਦੀ ਪੂਰੀ ਟੀਮ ਲੈ ਕੇ ਡਟੇ ਰਹੇ ਬਲੱਡ ਟਰਾਂਸਫਿਊਜ਼ਨ ਅਧਿਕਾਰੀ ਡਾ. ਗਗਨਦੀਪ ਸਿੰਘ ਨੇ ਦੱਸਿਆ ਕਿ 18 ਤੋਂ 65 ਸਾਲ ਤੱਕ ਦਾ ਕੋਈ ਵੀ ਸਿਹਤਮੰਦ ਵਿਅਕਤੀ 3 ਮਹੀਨਿਆਂ ਬਾਅਦ ਖੂਨ ਦਾਨ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਕ ਯੂਨਿਟ ਖੂਨ ਤੋਂ ਪਲਾਜ਼ਮਾ, ਪਲੇਟਲੈਟਸ ਤੇ ਬਲੱਡ ਨੂੰ ਵੱਖ-ਵੱਖ ਕੀਤਾ ਜਾ ਸਕਦਾ ਹੈ ਤੇ ਇਸ ਤਰ੍ਹਾਂ ਇਕ ਵਿਅਕਤੀ ਵੱਲੋਂ ਦਿੱਤੇ ਗਏ ਖੂਨ ਨਾਲ 3 ਤਰ੍ਹਾਂ ਦੇ ਰੋਗੀਆਂ ਨੂੰ ਲਾਭ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਤੋਂ ਗ੍ਰਸਤ ਬੱਚਿਆਂ ਨੂੰ ਵਾਰ ਵਾਰ ਖੂਨ ਚੜ੍ਹਾਇਆ ਜਾਂਦਾ ਹੈ ਅਤੇ ਇਹ ਸਵੈਇੱਛਕ ਖੂਨ ਦਾਨੀਆਂ ਵੱਲੋਂ ਕੀਤੇ ਜਾਂਦੇ ਖੂਨਦਾਨ ਨਾਲ ਹੀ ਸੰਭਵ ਹੁੰਦਾ ਹੈ। ਇਸ ਮੌਕੇ ਉਨ੍ਹਾਂ ਨਾਲ ਕਾਊਂਸਲਰ ਸੁਦੀਪ ਢਿੱਲੋਂ, ਸਟਾਫ ਨਰਸ ਰੇਨੂੰ ਸੇਠੀ, ਟੈਕਨੀਸ਼ੀਅਨ ਬਬਲਜੀਤ ਕੌਰ, ਨੀਨਾ ਅਤੇ ਵਾਲੰਟੀਅਰ ਐੱਮ. ਐੱਸ. ਥਾਪਰ ਵੀ ਹਾਜ਼ਰ ਸਨ।