ਚੰਡੀਗੜ :ਸਪੇਨ ਦੀ ਇੱਕ ਕੰਪਨੀ ਵੱਲੋਂ ਮੋਹਾਲੀ ਵਿਚ 350 ਕਰੋੜ ਰੁਪਏ ਦੀ ਲਾਗਤ ਵਾਲਾ ਪ੍ਰੋਸੈਸਿੰਗ ਪਲਾਂਟ ਲਾਏ ਜਾਣ ਨਾਲ ਪੰਜਾਬ ਵਿਚ ਸਬਜ਼ੀਆਂ ਦੀ ਕਾਸ਼ਤ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਨਾਲ ਮੋਹਾਲੀ ਅਤੇ ਗੁਆਂਢੀ ਜ਼ਿਲਿ•ਆਂ ਦੇ ਅਗਾਂਹਵਧੂ ਕਿਸਾਨਾਂ ਨੂੰ ਇੱਕ ਰੇਡੀਮੇਡ ਮਾਰਕੀਟ ਮਿਲ ਜਾਵੇਗੀ।
ਇਸ ਗੱਲ ਦਾ ਖੁਲਾਸਾ ਕਰਦਿਆਂ ਅੱਜ ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੇ ਮੁਹਾਲੀ ਵਿਖੇ ਕੋਨਲੋਡੋਸ ਦ ਨਵਾਰਾ ਦੀ ਫੈਕਟਰੀ ਦਾ ਦੌਰਾ ਕੀਤਾ ਹੈ ਅਤੇ ਕੰਪਨੀ ਮਾਲਕਾਂ ਨੂੰ ਭਰੋਸਾ ਦਿਵਾਇਆ ਹੈ ਕਿ ਉਹਨਾਂ ਦੇ ਮੰਤਰਾਲੇ ਵੱਲੋਂ ਕੰਪਨੀ ਦੀ ਪੂਰੀ ਮੱਦਦ ਕੀਤੀ ਜਾਵੇਗੀ। ਇਸ ਤੋਂ ਇਲਾਵਾ ਭਾਰਤ ਵਿਚ ਨਿਵੇਸ਼ ਕਰਨ ਵਾਸਤੇ ਉਹਨਾਂ ਦੀ ਅਗਵਾਈ ਵੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਇਸ ਯੂਨਿਟ ਦੀ ਸਫਲਤਾ ਨਾਲ ਸਪੇਨ ਦੇ ਨਵਾਰਾ ਖੇਤਰ ਤੋਂ ਹੋਰ ਕੰਪਨੀਆਂ ਵੀ ਪੰਜਾਬ ਵਿਚ ਆ ਕੇ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨਗੀਆਂ।
ਕੰਪਨੀ ਦੇ ਪ੍ਰਧਾਨ ਅਤੇ ਸੀਈਓ ਬੈਨਿਟੋ ਜਿਮੇਨੇਜ਼ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਇਸ ਨਵੇਂ ਪਲਾਂਟ ਨੂੰ ਲਗਾਉਣ ਨਾਲ ਤਕਰੀਬਨ 500 ਨੌਕਰੀਆਂ ਪੈਦਾ ਹੋਣਗੀਆਂ ਅਤੇ 5 ਹਜ਼ਾਰ ਕਿਸਾਨਾਂ ਨੂੰ ਇਸ ਦਾ ਸਿੱਧੇ ਤੌਰ ਤੇ ਲਾਭ ਹੋਵੇਗਾ। ਉੁਹਨਾਂ ਕਿਹਾ ਕਿ ਕੰਪਨੀ ਆਲੂਆਂ ਦੀ ਪ੍ਰੋਸੈਸਿੰਗ ਉੱਤੇ ਵੀ ਧਿਆਨ ਕੇਂਦਰਿਤ ਕਰੇਗੀ, ਜਿਸ ਨਾਲ ਦੋਆਬਾ ਖੇਤਰ ਦੇ ਆਲੂ ਉਤਪਾਦਕਾਂ ਲਈ ਇੱਕ ਨਵੀਂ ਮਾਰਕੀਟ ਖੁੱਲ• ਜਾਵੇਗੀ। ਕੰਪਨੀ ਇਸ ਸੰਬੰਧੀ ਪਹਿਲਾਂ ਹੀ ਨਿਵੇਸ਼ ਇੰਡੀਆ ਨਾਲ ਐਮਓਯੂ ਸਹੀਬੰਦ ਕਰ ਚੁੱਕੀ ਹੈ।
ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਦੇ ਮੰਤਰਾਲੇ ਵੱਲੋਂ ਕੀਤੇ ਯਤਨਾਂ ਸਦਕਾ ਰਵਾਇਤੀ ਫਸਲਾਂ ਜਿਵੇਂ ਕਣਕ ਝੋਨਾ, ਦੁੱਧ ਉਤਪਾਦਾਂ, ਸ਼ਹਿਦ, ਸ਼ਬਜ਼ੀਆਂ, ਫਲਾਂ ਜਾਂ ਹਲਦੀ ਵਰਗੇ ਖੇਤੀ ਉਤਪਾਦਾਂ ਦੀ ਗੁਣਵੱਤਾ ਵਿਚ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਅਸੀਂ ਖੇਤੀ ਉਤਪਾਦਾਂ ਦੀ ਗੁਣਵੱਤਾ ਵਧਾਉਣ ਦੀ ਲੋੜ ਬਾਰੇ ਲੋੜੀਂਦੀ ਜਾਗਰੂਕਤਾ ਲਿਆਂਦੀ ਹੈ ਅਤੇ ਇਸ ਖੇਤਰ ਵਿਚ ਕਿਸਾਨਾਂ ਨੂੰ ਰਾਹ ਦਰਸਾਉਣ ਵਾਸਤੇ ਸਲਾਹਕਾਰ ਭਰਤੀ ਕੀਤੇ ਹਨ, ਜੋ ਕਿ ਕਿਸਾਨਾਂ ਦੀ ਸਵੈ ਸਹਾਇਤਾ ਗਰੁੱਪ ਬਣਾਉਣ, ਕਲੱਸਟਰ ਜਾਂ ਸਾਂਝੇ ਮੈਗਾ ਫੂਡ ਪਾਰਕ ਕਾਇਮ ਕਰਨ ਵਿਚ ਅਗਵਾਈ ਕਰਦੇ ਹਨ। ਉਹਨਾਂ ਕਿਹਾ ਕਿ ਫਾਜ਼ਿਲਕਾ ਵਿਖੇ ਸ਼ਬਜ਼ੀਆਂ ਨਾਲ ਸੰਬੰਧਿਤ ਅਤੇ ਕਪੂਰਥਲਾ ਵਿਖੇ ਮੱਕੀ ਦੀ ਪ੍ਰੋਸੈਸਿੰਗ ਨਾਲ ਸੰਬੰਧਤ ਮੈਗਾ ਫੂਡ ਪਾਰਕ ਸ਼ੁਰੂ ਹੋ ਚੁੱਕੇ ਹਨ। ਉਹਨਾਂ ਦੱਸਿਆ ਕਿ ਉਹਨਾਂ ਦਾ ਮੰਤਰਾਲਾ ਫੂਡ ਪ੍ਰੋਸੈਸਿੰਗ ਇੰਡਸਟਰੀ ਲਈ ਲੋੜੀਂਦਾ ਬੁਨਿਆਦੀ ਢਾਂਚਾ ਤਿਆਰ ਕਰ ਰਿਹਾ ਹੈ ਅਤੇ ਨਾਲ ਹੀ ਕਿਸਾਨਾਂ ਅਤੇ ਉਦਯੋਗਪਤੀਆਂ ਦੋਵਾਂ ਦੀ ਸਹੂਲਤ ਲਈ ਲੋੜੀਂਦੀਆਂ ਅੱਗੇ ਅਤੇ ਪਿੱਛੇ ਵਾਲੀਆਂ ਕੜੀਆਂ ਵੀ ਤਿਆਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਾਨੂੰ ਯਕੀਨ ਹੈ ਕਿ ਕੋਨਲੋਡੋਸ ਦ ਨਵਾਰਾ ਇਹਨਾਂ ਉਪਰਾਲਿਆਂ ਤੋਂ ਲਾਭ ਉਠਾਏਗਾ।