ਪਟਨਾ – ਬਿਹਾਰ ਦੇ ਉਪ-ਮੁੱਖ ਮੰਤਰੀ ਸੁਸ਼ੀਲ ਮੋਦੀ ਦੀ ਮੂੰਹਬੋਲੀ ਭੈਣ ਰੇਖਾ ਮੋਦੀ ਦੇ ਘਰ ‘ਚ ਵੀਰਵਾਰ ਨੂੰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ ਕੀਤੀ ਗਈ। ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਤਿੰਨ ਗੱਡੀਆਂ ਵਿਚ ਰੇਖਾ ਮੋਦੀ ਦੇ ਘਰ ਪਹੁੰਚੇ। ਜ਼ਿਕਰਯੋਗ ਹੈ ਕਿ ਰੇਖਾ ਮੋਦੀ ਦਾ ਨਾਂ ਬਿਹਾਰ ਦੇ ਪ੍ਰਸਿੱਧ ਸਿਰਜਨ ਘੁਟਾਲੇ ਵਿਚ ਆਇਆ ਸੀ। ਉਨ੍ਹਾਂ ਵਿਰੁੱਧ ਇਹ ਕਾਰਵਾਈ ਉਸੇ ਮਾਮਲੇ ਵਿਚ ਹੋਈ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ ਇਸ ਬਾਰੇ ਅਜੇ ਤੱਕ ਕੁਝ ਸਪੱਸ਼ਟ ਨਹੀਂ ਹੋ ਸਕਿਆ ਹੈ। ਰੇਖਾ ਮੋਦੀ ‘ਤੇ ਪਟਨਾ ਦੇ ਇਕ ਵੱਡੇ ਜਿਊਲਰਸ ਜਾਲਾਨ ਸ਼ਾਪ ਤੋਂ ਕਰੋੜਾਂ ਰੁਪਏ ਦੇ ਗਹਿਣੇ ਖਰੀਦਣ ਦਾ ਦੋਸ਼ ਹੈ। ਇਸ ਮਾਮਲੇ ਦੀ ਸੀ.ਬੀ.ਆਈ. ਜਾਂਚ ਚੱਲ ਰਹੀ ਹੈ। ਪਰ ਰੇਖਾ ਮੋਦੀ ਕੋਲੋਂ ਸੀ.ਬੀ.ਆਈ. ਵਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ।
ਸੂਤਰਾਂ ਮੁਤਾਬਕ ਰੇਖਾ ਮੋਦੀ ਨੇ ਜਿਸ ਜਾਲਾਨ ਸ਼ਾਪ ਤੋਂ ਕਰੋੜਾਂ ਰੁਪਏ ਦੇ ਗਹਿਣੇ ਖਰੀਦੇ ਸਨ। ਇਨਕਮ ਟੈਕਸ ਵਿਭਾਗ ਵਲੋਂ ਉਥੇ ਵੀ ਛਾਪੇਮਾਰੀ ਕੀਤੀ ਗਈ। ਜਾਲਾਨ ਸ਼ਾਪ ਦੇ ਮਾਲਿਕ ਰਵੀ ਜਾਲਾਨ ਤੋਂ ਕੁਝ ਦਿਨ ਪਹਿਲਾਂ ਹੀ ਇਸ ਸਬੰਧੀ ਸਿਟੀ ਪੋਸਟ ਲਾਈਵ ਵਲੋਂ ਪੁੱਛਗਿਛ ਕੀਤੀ ਗਈ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਰੇਖਾ ਮੋਦੀ ਨੇ ਜੋ ਵੀ ਖਰੀਦਦਾਰੀ ਕੀਤੀ ਹੈ, ਉਸ ਦਾ ਉਨ੍ਹਾਂ ਨੇ ਨਿਯਮ ਮੁਤਾਬਕ ਬਿਲ ਕੱਟਿਆ ਹੈ ਅਤੇ ਚੈਕ ਰਾਹੀਂ ਪੇਮੈਂਟ ਲਈ ਹੈ। ਉਨ੍ਹਾਂ ਦਾ ਕੰਮ ਇਹ ਪਤਾ ਲਗਾਉਣਾ ਨਹੀਂ ਹੈ ਕਿ ਗਾਹਕ ਨੇ ਪੈਸੇ ਕਿਥੋਂ ਲਏ। ਉਨ੍ਹਾਂ ਦਾ ਕੰਮ ਹੈ ਨਿਯਮ ਮੁਤਾਬਕ ਬਿੱਲ ਕੱਟ ਕੇ ਗਹਿਣੇ ਵੇਚਣਾ। ਹਾਲਾਂਕਿ ਰਵੀ ਜਾਲਾਨ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਰੇਖਾ ਮੋਦੀ ਨਾਲ ਉਨ੍ਹਾਂ ਦੀ ਜਾਣ-ਪਛਾਣ ਇਕ ਵੱਡੇ ਨੇਤਾ ਨੇ ਕਰਵਾਈ ਸੀ।