ਨਵੀਂ ਦਿੱਲੀ – ਸਾਬਕਾ ਆਸਟਰੇਲੀਆਈ ਪੇਸਰ ਮਿਸ਼ੈਲ ਜੌਹਨਸਨ ਨੇ ਕਿਹਾ ਕਿ ਭਾਰਤੀ ਨੌਜਵਾਨ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਸਹੀ ਦਿਸ਼ਾ ‘ਚ ਮਿਹਨਤ ਕਰ ਰਿਹਾ ਹੈ ਅਤੇ ਮੈਚ ਦਰ ਮੈਚ ਉਸ ਦੇ ਪ੍ਰਦਰਸ਼ਨ ‘ਚ ਸੁਧਾਰ ਹੋ ਰਿਹੈ। ਜੌਨਸਨ IPL ਟੀਮ ਮੁੰਬਈ ਇੰਡੀਅਨਜ਼ ਵਲੋਂ ਖੇਡ ਚੁੱਕੇ ਹਨ ਜਿਸ ਦੇ ਮੈਂਬਰ ਹਾਰਦਿਕ ਪੰਡਿਯਾ ਅਤੇ ਬੁਮਰਾਹ ਵੀ ਰਹੇ ਹਨ। ਜੌਨਸਨ ਨੇ ਕਿਹਾ, ”ਭਾਰਤ ਪੇਸ ਅਟੈਕ ਵਿੱਚ ਬਹੁਤ ਪ੍ਰਤਿਭਾ ਹੈ ਅਤੇ ਮੌਜੂਦਾ ਟੀਮ ਦੇ ਤੇਜ਼ ਗੇਂਦਬਾਜ਼ ਬਹੁਤ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਹਾਲਾਂਕਿ ਇਹ ਅਟੈਕ ਕਦੋਂ ਵਿਸ਼ਵ ਵਿੱਚ ਸਭ ਤੋਂ ਵੱਧ ਤਾਕਤਵਰ ਹੋਵੇਗਾ, ਇਸ ਦਾ ਇੰਤਜ਼ਾਰ ਹਾਲੇ ਬਾਕੀ ਹੈ।” 36 ਸਾਲਾਂ ਜੌਨਸਨ ਨੇ ਕਿਹਾ ਕਿ ਉਸ ਨੂੰ ਜਸਪ੍ਰੀਤ ਬੁਮਰਾਹ ਨੇ ਬਹੁਤ ਪ੍ਰਭਾਵਿਤ ਕੀਤਾ ਹੈ।
ਉਸ ਨੇ ਅੱਗੇ ਕਿਹਾ, ”ਬੁਮਰਾਹ ਨੇ ਮੈਨੂੰ ਪਹਿਲੇ ਦਿਨ ਤੋਂ ਹੀ ਪ੍ਰਭਾਵਿਤ ਕੀਤਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਮੁੰਬਈ ਇੰਡੀਅਨਜ਼ ਲਈ ਨੈੱਟਸ ‘ਚ ਅਭਿਆਸ ਕਰ ਰਿਹਾ ਸੀ। ਓਦੋਂ ਉਸ ਨੇ ਇੱਕ ਛੋਟੀ ਗੇਂਦ ਸੁੱਟੀ ਜੋ ਸਿੱਧੀ ਮੇਰੇ ਹੈਲਮਟ ‘ਤੇ ਲੱਗੀ। ਮੈਨੂੰ ਲਗਾ ਕਿ ਉਹ ਬਹੁਤ ਤੇਜ਼ ਹੈ। ਉਹ ਚੀਜ਼ਾਂ ਨੂੰ ਆਸਾਨ ਰੱਖਦੈ ਅਤੇ ਉਸ ਨੂੰ ਉਲਝਣ ਨਹੀਂ ਹੁੰਦੀ।”
36 ਸਾਲਾ ਜੌਨਸਨ ਨੇ ਕਿਹਾ, ”ਇੱਕ ਅਜਿਹਾ ਪੁਆਇੰਟ ਆਉਂਦੈ ਜਦੋਂ ਬੱਲੇਬਾਜ਼ ਉਸ ‘ਤੇ ਹਾਵੀ ਹੋ ਜਾਂਦਾ ਹੈ। ਮੈਂ ਇਸ ਬਾਰੇ ‘ਚ ਉਸ ਨੂੰ ਇੱਕ ਵਾਰ ਗੱਲ ਕਹੀ ਸੀ। ਮੈਂ ਉਸ ਨੂੰ ਕਿਹਾ ਸੀ ਕਿ ਉਸ ਨੂੰ ਖੇਡ ਤੋਂ ਉੱਪਰ ਉੱਠ ਕੇ ਸੋਚਣ ਦੀ ਜ਼ਰੂਰਤ ਹੈ। ਉਹ ਫ਼ਿਲਹਾਲ ਸਹੀ ਹਾਲਾਤ ‘ਚ ਮੈਚ ਦਰ ਮੈਚ ਬਿਹਤਰ ਹੁੰਦੇ ਆ ਰਹੇ ਹਨ। ਜੌਨਸਨ ਨੇ ਹਾਲ ਹੀ ‘ਚ ਕ੍ਰਿਕਟ ਦੇ ਸਾਰੇ ਫ਼ੌਰਮੈਟਾਂ ਤੋਂ ਸੰਨਿਆਸ ਦੀ ਘੋਸ਼ਣਾ ਕੀਤੀ ਸੀ।
ਹਾਰਦਿਕ ਪੰਡਯਾ ਦੇ ਬਾਰੇ ‘ਚ ਇਸ ਆਸਟਰੇਲੀਆਈ ਪੇਸਰ ਨੇ ਕਿਹਾ, ”ਇਕ ਆਲਰਾਊਂਡਰ ਬਣਨ ‘ਚ ਸਮਾਂ ਲਗਦਾ ਹੈ। ਇਹ ਕੋਈ ਰਾਤੋਂ-ਰਾਤ ਹੋਣ ਵਾਲੀ ਚੀਜ਼ ਨਹੀਂ। ਤੁਸੀਂ ਬੱਲੇਬਾਜ਼ੀ ਕਰਦੇ ਹੋ, ਗੇਂਦਬਾਜ਼ੀ ਕਰਦੇ ਹੋ ਅਤੇ ਤੁਹਾਨੂੰ ਮੈਦਾਨ ‘ਤੇ ਵੀ ਤਿਆਰ ਰਹਿਣਾ ਹੁੰਦਾ ਹੈ। ਮੈਨੂੰ ਲਗਦਾ ਹੈ ਕਿ ਪੰਡਯਾ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹੈ। ਉਸ ਨੂੰ ਹਾਰਨ ਤੋਂ ਨਾਰਾਜ਼ਗੀ ਹੈ ਅਤੇ ਉਹ ਸਿੱਖਣਾ ਵੀ ਚਾਹੁੰਦੈ। ਉਹ ਪ੍ਰਤਿਭਾਸ਼ਾਲੀ ਹੈ।” ਟੀਮ ਇੰਡੀਆ ਦੇ ਕੈਪਟਨ ਵਿਰਾਟ ਨੂੰ ਗੇਂਦਬਾਜ਼ੀ ਕਰਨ ਬਾਰੇ ਜੌਨਸਨ ਨੇ ਕਿਹਾ, ”ਜਦੋਂ ਤੁਸੀਂ ਵਿਰਾਟ, ਸਚਿਨ ਜਾਂ ਰਿਕੀ ਪੋਂਟਿੰਗ ਵਰਗੇ ਦਿੱਗਜ ਬੱਲੇਬਾਜ਼ਾਂ ਦੇ ਸਾਹਮਣੇ ਗੇਂਦਬਾਜ਼ੀ ਕਰਦੇ ਹੋ ਤਾਂ ਤੁਹਾਨੂੰ ਇਹ ਭੁਲਣਾ ਹੁੰਦਾ ਹੈ ਕਿ ਉਹ ਕਿੰਨੇ ਬਿਹਤਰੀਨ ਬੱਲੇਬਾਜ਼ ਹੈ ਅਤੇ ਖ਼ੁਦ ਨੂੰ ਮਜ਼ਬੂਤ ਕਰਨਾ ਪੈਂਦੈ।
ਏਸ਼ੀਆ ਕੱਪ ਲਈ ਪਾਕਿ ਵਲੋਂ 16 ਮੈਂਬਰੀ ਟੀਮ ਦਾ ਐਲਾਨ
ਲਾਹੌਰ – ਪਾਕਿਸਤਾਨ ਕ੍ਰਿਕਟ ਬੋਰਡ ਦੀ ਚੋਣ ਕਮੇਟੀ ਵਲੋਂ ਏਸ਼ੀਆ ਕੱਪ ਲਈ ਐਲਾਨੀ ਗਈ 16 ਮੈਂਬਰੀ ਟੀਮ ਵਿੱਚ ਹਰਫ਼ਨਮੌਲਾ ਮੁਹੰਮਦ ਹਾਫ਼ੀਜ਼ ਅਤੇ ਇਮਾਦ ਵਸੀਮ ਨੂੰ ਜਗ੍ਹਾ ਨਹੀਂ ਮਿਲ ਸਕੀ। ਛੇ ਦੇਸ਼ਾਂ ਵਿਚਕਾਰ ਖੇਡਿਆ ਜਾਣ ਵਾਲਾ ਇਹ ਕੱਪ ਦੁਬਈ ਅਤੇ ਆਬੂਧਾਬੀ ਵਿੱਚ ਹੋਵੇਗਾ ਜਦਕਿ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸ਼ਾਨ ਮਸੂਦ ਨੂੰ ਮੌਕਾ ਦਿੱਤਾ ਗਿਆ ਹੈ। ਮਸੂਦ ਨੂੰ ਇੱਕ ਦਿਨਾ ਮੈਚਾਂ ਲਈ ਇਹ ਪਹਿਲਾ ਮੌਕਾ ਦਿੱਤਾ ਗਿਆ ਹੈ। ਉਸ ਨੇ ਦੋ ਘਰੇਲੂ ਇੱਕ ਦਿਨਾ ਟੂਰਨਾਮੈਂਟਾਂ ਵਿੱਚ 1, 200 ਤੋਂ ਵੱਧ ਦੌੜਾਂ ਬਣਾਈਆਂ ਹਨ। ਮੁੱਖ ਚੋਣਕਾਰ ਇੰਜ਼ਮਾਮ-ਉੱਲ-ਹੱਕ ਨੇ ਕਿਹਾ ਕਿ ਸਰਫ਼ਰਾਜ਼ ਅਹਿਮਦ ਟੀਮ ਦੀ ਅਗਵਾਈ ਕਰਨਗੇ। ਪਾਕਿ ਟੀਮ 16 ਸਤੰਬਰ ਨੂੰ ਵਾਈਲਡ ਕਾਰਡ ਦਾਖ਼ਲਾ ਪਾਉਣ ਵਾਲੀ ਟੀਮ ਨਾਲ ਭਿੜੇਗੀ ਅਤੇ ਉਸ ਤੋਂ ਬਾਅਦ ਉਸ ਦਾ ਭੇੜ ਰਿਵਾਇਤੀ ਵਿਰੋਧੀ ਭਾਰਤ ਨਾਲ ਹੋਵੇਗਾ। ਹਾਫ਼ੀਜ਼ (37) ਜੁਲਾਈ ਵਿੱਚ ਜ਼ਿੰਬਾਵਬੇ ਖ਼ਿਲਾਫ਼ ਹੋਈ ਲੜੀ ਦਾ ਹਿੱਸਾ ਸੀ ਜਿਸ ਨੂੰ ਪਾਕਿ ਨੇ 5-0 ਨਾਲ ਜਿੱਤਿਆ ਸੀ। ਹਾਲਾਂਕਿ ਹਾਫ਼ਿਜ਼ ਨੇ ਉਸ ਸੀਰੀਜ਼ ਵਿੱਚ ਕੋਈ ਮੈਚ ਨਹੀਂ ਸੀ ਖੇਡਿਆ। ਇੰਜ਼ਮਾਮ ਨੇ ਕਿਹਾ ਕਿ ਖਿਡਾਰੀਆਂ ਦਾ ਫ਼ਿਟਨੈੱਸ ਟੈੱਸਟ ਲਿਆ ਗਿਆ ਹੈ। ਏਸ਼ੀਆ ਕੱਪ 15 ਸਤੰਬਰ ਨੂੰ ਆਰੰਭ ਹੋਵੇਗਾ। ਇਸ ਵਿੱਚ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਅਫ਼ਗ਼ਾਨਿਸਤਾਨ ਅਤੇ ਇੱਕ ਕੁਆਲੀਫ਼ਾਈ ਕਰਨ ਵਾਲੀ ਟੀਮ ਹਿੱਸਾ ਲਵੇਗੀ। ਛੇ ਟੀਮਾਂ ਦਾ ਕੁਆਲੀਫ਼ਾਇੰਗ ਗੇੜ ਹੌਂਗ ਕੌਂਗ, ਸਿੰਗਾਪੁਰ, ਨੇਪਾਲ, UAE, ਓਮਾਨ ਅਤੇ ਮਲੇਸ਼ੀਆ ਵਿਚਾਲੇ ਕੁਆਲਾਲੰਪੁਰ ਵਿੱਚ ਖੇਡਿਆ ਜਾ ਰਿਹਾ ਹੈ। ਟੀਮਾਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਟੀਮ ਇਸ ਤਰ੍ਹਾਂ ਹੈ: ਸਰਫ਼ਰਾਜ਼ ਅਹਿਮਦ (ਕਪਤਾਨ), ਫ਼ਖ਼ਰ ਜ਼ਮਾਨ, ਇਮਾਮ-ਉੱਲ-ਹੱਕ, ਸ਼ਾਨ ਮਸੂਦ, ਬਾਬਰ ਆਜ਼ਮ, ਸ਼ੋਏਬ ਮਲਿਕ, ਆਸਿਫ਼ ਅਲੀ, ਹੈਰਿਸ ਸੋਹੇਲ, ਸ਼ਾਦਾਬ ਖ਼ਾਨ, ਮੁਹੰਮਦ ਨਵਾਜ਼, ਫ਼ਾਹੀਮ ਅਸ਼ਰਫ਼, ਹਸਨ ਅਲੀ, ਮੁਹੰਮਦ ਅਮੀਰ, ਜੁਨੈਦ ਖ਼ਾਨ, ਉਸਮਾਨ ਖ਼ਾਨ ਸ਼ਿਨਵਰੀ ਅਤੇ ਸ਼ਾਹੀਨ ਸ਼ਾਹ ਅਫ਼ਰੀਦੀ।