ਨਵੀਂ ਦਿੱਲੀ – ਟੀਮ ਇੰਡੀਆ ਅਤੇ ਇੰਗਲੈਂਡ ਦੇ ਵਿਚਕਾਰ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈੱਸਟ ਸੀਰੀਜ਼ ਮੇਜ਼ਬਾਨ ਟੀਮ ਨੇ 3-1 ਨਾਲ ਆਪਣੇ ਨਾਂ ਕਰ ਲਈ ਹੈ। ਉਥੇ ਭਾਰਤ ਖ਼ਿਲਾਫ਼ ਇਹ ਸੀਰੀਜ਼ ਆਪਣੇ ਨਾਂ ਕਰਦੇ ਹੀ ਇੰਗਲੈਂਡ ਦੇ ਓਪਨਰ ਬੱਲੇਬਾਜ਼ ਐਲਿਸਟਰ ਕੁਕ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਕਰ ਲਿਆ ਹੈ। ਖ਼ਬਰ ਹੈ ਕਿ ਟੀਮ ਇੰਡੀਆ ਖ਼ਿਲਾਫ਼ ਓਵਲ ‘ਚ ਹੋਣ ਵਾਲੇ ਆਖ਼ਰੀ ਅਤੇ ਪੰਜਵੇਂ ਟੈੱਸਟ ਤੋਂ ਬਾਅਦ ਉਹ ਕ੍ਰਿਕਟ ਤੋਂ ਸੰਨਿਆਸ ਲੈ ਲਵੇਗਾ।
ਦੱਸ ਦਈਏ ਕਿ ਕੁਕ ਨੇ ਅੰਤਰਰਾਸ਼ਟਰੀ ਟੈੱਸਟ ਕ੍ਰਿਕਟ ‘ਚ 12,254 ਦੌੜਾਂ ਬਣਾਈਆਂ ਹਨ। ਇਸੇ ਦੇ ਨਾਲ ਟੈੱਸਟ ਕ੍ਰਿਕਟ ‘ਚ ਸਚਿਨ ਤੇਂਦੁਲਕਰ ਦੀਆਂ ਦੌੜਾਂ ਦਾ ਰਿਕਾਰਡ ਵੀ ਸੁਰੱਖਿਅਤ ਹੋ ਗਿਆ ਹੈ। ਕੁਕ ਸਚਿਨ ਦਾ ਰਿਕਾਰਡ ਤੋੜਨ ਦੇ ਸਭ ਤੋਂ ਕਰੀਬ ਸੀ। ਉਹ ਇੰਗਲੈਂਡ ਵਲੋਂ ਸਭ ਤੋਂ ਜ਼ਿਆਦਾ ਟੈੱਸਟ ਮੈਚ (160) ਖੇਡਣ ਵਾਲਾ ਖਿਡਾਰੀ ਹੈ।
ਓਵਲ ਟੈੱਸਟ ਉਸ ਦਾ 161ਵਾਂ ਟੈੱਸਟ ਮੈਚ ਹੋਵੇਗਾ। ਖ਼ਰਾਬ ਪ੍ਰਦਰਸ਼ਨ ਤੋਂ ਗੁਜਰ ਰਹੇ ਕੁਕ ਦੀ ਪਲੇਇੰਗ ਇਲੈਵਨ ‘ਚ ਜਗ੍ਹਾ ਲੈ ਕੇ ਲੰਮੇ ਸਮੇਂ ਤੋਂ ਸਵਾਲ ਖੜੇ ਕੀਤੇ ਜਾ ਰਹੇ ਸਨ। ਮੌਜੂਦਾ ਟੈਸਟ ਸੀਰੀਜ਼ ‘ਚ ਵੀ ਕੁਕ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਕੀਤਾ ਹੈ। ਐਲਿਸਟਰ ਕੁਕ ਨੇ ਇੱਕ ਬਿਆਨ ‘ਚ ਕਿਹਾ, ”ਪਿਛਲੇ ਕੁੱਝ ਮਹੀਨਿਆਂ ‘ਚ ਬਹੁਤ ਸੋਚ ਵਿਚਾਰ ਤੋਂ ਬਾਅਦ ਮੈਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਭਾਰਤ ਖ਼ਿਲਾਫ਼ ਓਵਲ ਟੈੱਸਟ ਮੇਰੇ ਕਰੀਅਰ ਦਾ ਆਖ਼ਰੀ ਟੈੱਸਟ ਮੈਚ ਹੋਵੇਗਾ। ਕੁਕ ਨੇ ਕਿਹਾ ਕਿ ਮੇਰੇ ਲਈ ਇਹ ਪਲ ਬਹੁਤ ਦੁਖਭਰਿਆ ਹੈ। ਮੈਂ ਕ੍ਰਿਕਟ ਨੂੰ ਆਪਣੇ ਕਰੀਅਰ ਦੌਰਾਨ ਬਹੁਤ ਕੁੱਝ ਦਿੱਤਾ ਹੈ ਅਤੇ ਹੁਣ ਮੇਰੇ ਕੋਲ ਇਸ ਲਈ ਕੁੱਝ ਨਹੀਂ ਬਚਿਆ।” ਇੰਨੇ ਲੰਬੇ ਸਮੇਂ ਤਕ ਇੰਗਲੈਂਡ ਟੀਮ ਦੇ ਦਿੱਗਜਾਂ ਨਾਲ ਖੇਡ ਕੇ ਮੈਂ ਗਰਵ ਮਹਿਸੂਸ ਕਰ ਰਿਹਾ ਹਾਂ। ਮੈਂ ਉਨ੍ਹਾਂ ਉਪਲਬਧੀਆਂ ਦੇ ਬਾਰੇ ‘ਚ ਕਦੀ ਸੋਚਿਆ ਤਕ ਨਹੀਂ ਸੀ ਜਿਨ੍ਹਾਂ ਨੂੰ ਮੈਂ ਹਾਸਲ ਕਰ ਚੁੱਕਾਂ।”
ਕ੍ਰਿਕਟ ਤੋਂ ਪਹਿਲਾਂ ਹੀ ਦੋ ਫ਼ੌਰਮੈਂਟਾਂ ਨੂੰ ਅਲਵਿਦਾ ਕਹਿਣ ਵਾਲੇ ਕੁਕ ਨੇ ਇੰਗਲੈਂਡ ਲਈ 92 ਵਨਡੇ ਮੈਚ ਵੀ ਖੇਡੇ ਹਨ ਜਿਨ੍ਹਾਂ ‘ਚ ਉਸ ਨੇ 36.41 ਦੀ ਔਸਤ ਨਾਲ 3, 204 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿਰਫ਼ 4 T-20 ਮੈਚ ਖੇਡੇ ਹਨ।