ਅਦਾਕਾਰ ਸਿਧਾਰਥ ਮਲਹੋਤਰਾ ਤੇ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਫਿਲਮ ‘ਜਬਰੀਆ ਜੋੜੀ’ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਦੋਵਾਂ ਦੀ ਜੋੜੀ ਪਹਿਲਾਂ ‘ਹੰਸੀ ਤੋਂ ਫਸੀ’ ਫਿਲਮ ‘ਚ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ…
ਮੁੜ ਇਕੱਠੇ ਨਜ਼ਰ ਆਉਣਗੇ ਸਿਧਾਰਥ ਤੇ ਪਰਿਣੀਤੀ
ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਅਤੇ ਅਭਿਨੇਤਰੀ ਪਰਿਣੀਤੀ ਚੋਪੜਾ ਇਕ ਵਾਰ ਫਿਰ ਤੋਂ ਪਰਦੇ ‘ਤੇ ਆਪਣੀ ਜੋੜੀ ਬਣਾਉਣ ਜਾ ਰਹੇ ਹਨ। ਸਿਧਾਰਥ ਅਤੇ ਪਰਿਣੀਤੀ ਨੇ ਫਿਲਮ ‘ਹੰਸੀ ਤੋਂ ਫਸੀ’ ‘ਚ ਇਕੱਠੇ ਕੰਮ ਕੀਤਾ ਸੀ। ਹੁਣ ਇਹ ਜੋੜੀ ਸਿਲਵਰ ਸਕ੍ਰੀਨ ‘ਤੇ ਫਿਰ ਧਮਾਲ ਮਚਾਉਣ ਆ ਰਹੀ ਹੈ। ਇਹ ਦੋਵੇਂ ਨਿਰਦੇਸ਼ ਪ੍ਰਸ਼ਾਂਤ ਸਿੰਘ ਦੀ ਅਗਲੀ ਫਿਲਮ ‘ਜਬਰੀਆ ਜੋੜੀ’ ‘ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਫਿਲਮ ਦਾ ਪਹਿਲਾ ਲੁਕ ਕੁਝ ਦਿਨ ਪਹਿਲਾਂ ਸਾਹਮਣੇ ਆਇਆ ਹੈ। ਫਿਲਮ ਦੇ ਪਹਿਲੇ ਪੋਸਟਰ ‘ਚ ਸਿਧਾਰਥ ਅਤੇ ਪਰਿਣੀਤੀ ਬੇਹੱਦ ਰੋਮਾਂਟਿਕ ਅੰਦਾਜ਼ ‘ਚ ਇਕ ਦੂਜੇ ਨੂੰ ਵੇਖਦੇ ਅਤੇ ਸੈਲਫੀ ਖਿੱਚਦੇ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਇਕ ਦੁਲਹਾ ਬੇਹੋਸ਼ੀ ਦੀ ਹਾਲਤ ‘ਚ ਪਿਆ ਹੋਇਆ ਵੀ ਨਜ਼ਰ ਆ ਰਿਹਾ ਹੈ। ਅਸਲ ‘ਚ ਇਹ ਫਿਲਮ ਲਾੜੇ ਨੂੰ ਅਗਵਾਹ ਕਰਨ ਵਾਲੇ ਥੀਮ ‘ਤੇ ਬਣਨ ਵਾਲੀ ਹੈ। ਦੂਜੇ ਪੋਸਟਰ ‘ਚ ਪਰਿਣੀਤੀ ਅਤੇ ਸਿਧਾਰਥ ਇਕ ਬਾਜ਼ਾਰ ‘ਚ ਰੋਮਾਂਟਿਕ ਹੁੰਦੇ ਨਜ਼ਰ ਆ ਰਹੇ ਹਨ। ਫਿਲਮ ‘ਚ ਇਨ੍ਹਾਂ ਦੋਵਾਂ ਦੇ ਨਾਂ ਅਭੈ ਅਤੇ ਬੱਬਲੀ ਹੈ। ਫਿਲਮ ਦੀ ਸ਼ੂਟਿੰਗ ਇਸ ਵਕਤ ਲਖਨਊ ‘ਚ ਸ਼ੁਰੂ ਹੋ ਚੁੱਕੀ ਹੈ। ਇਹ ਫਿਲਮ ਬਿਹਾਰ ਦੀ ਪ੍ਰਸਿੱਧ ‘ਪਕੜਵਾ ਵਿਆਹ’ ਪ੍ਰਥਾ ‘ਤੇ ਬਣਨ ਜਾ ਰਹੀ ਹੈ ਜਿਸ ਦਾ ਪਹਿਲਾ ਟਾਈਟਲ ‘ਸ਼ਾਟਗਨ ਸ਼ਾਦੀ’ ਸੀ। ਇਨ੍ਹਾਂ ਦੋਵਾਂ ਦੀ ਜੋੜੀ ਨੂੰ ਵੇਖਣ ਲਈ ਦਰਸ਼ਕ ਕਾਫ਼ੀ ਉਤਸ਼ਾਹਿਤ ਹਨ। ਵੈਸੇ ਇਸ ਸਾਲ ਦੁਸਹਿਰੇ ਮੌਕੇ ਪਰਿਣੀਤੀ ਅਤੇ ਅਰਜੁਨ ਕਪੂਰ ਦੀ ਫਿਲਮ ‘ਨਮਸਤੇ ਇੰਗਲੈਂਡ’ ਰਿਲੀਜ਼ ਹੋਣ ਵਾਲੀ ਹੈ। ਇਨ੍ਹਾਂ ਦੋਵਾਂ ਦੀ ਇਕ ਹੋਰ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਵੀ ਆਉਣ ਵਾਲੀ ਹੈ। ੲ
ਪ੍ਰਿਥਵੀਰਾਜ ਚੌਹਾਨ ਬਣੇਗਾ ਅਕਸ਼ੈ
ਬਾ ਲੀਵੁੱਡ ਦੀ ਦੁਨੀਆ ‘ਚ ਚੱਲ ਰਹੀ ਬਾਇਓਪਿਕ ਫਿਲਮਾਂ ਦੀ ਲਹਿਰ ‘ਚ ਇਕ ਵਾਰ ਫਿਰ ਅਦਾਕਾਰ ਅਕਸ਼ੈ ਕੁਮਾਰ ਦਾ ਨਾਂ ਸਾਹਮਣੇ ਆਇਆ ਹੈ। ਹਾਲ ਹੀ ‘ਚ ਅਕਸ਼ੈ ਕੁਮਾਰ ਨੇ ਫਿਲਮ ‘ਮੁਗਲ’ ਤੋਂ ਖ਼ੁਦ ਨੂੰ ਅਲੱਗ ਕਰ ਲਿਆ ਸੀ ਜੋ ਇਕ ਬਾਇਓਪਿਕ ਫਿਲਮ ਸੀ। ਪਰ ਹੁਣ 10 ਸਾਲ ਬਾਅਦ ਫਿਰ ਅਕਸ਼ੈ ਤੇ ਯਸ਼ਰਾਜ ਪ੍ਰੋਡਕਸ਼ਨ ਹਾਊਸ ਮੁੜ ਇਕੱਠੇ ਕੰਮ ਕਰਨ ਵਾਲੇ ਹਨ। ਦਰਅਸਲ ਯਸ਼ਰਾਜ ਪ੍ਰੋਡਕਸ਼ਨ ਹਾਊਸ 12ਵੀਂ ਸਦੀ ਦੇ ਮਹਾਨ ਯੋਧਾ ਰਾਜਾ ਪ੍ਰਿਥਵੀਰਾਜ ਚੌਹਾਨ ‘ਤੇ ਆਧਾਰਿਤ ਇਕ ਫਿਲਮ ਬਣਾਉਣ ਜਾ ਰਿਹਾ ਹੈ ਜੋ ਇਕ ਬਾਇਓਪਿਕ ਹੋਵੇਗੀ। ਅਜਿਹੇ ‘ਚ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਇਸ ਫਿਲਮ ‘ਚ ਅਕਸ਼ੈ ਕੁਮਾਰ ਲੀਡਰ ਰੋਲ ਨਿਭਾਉਂਦਾ ਨਜ਼ਰ ਆਏਗਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਸ ਫਿਲਮ ‘ਚ ਲੀਡ ਰੋਲ ਲਈ ਸੰਨੀ ਦਿਓਲ ਨੂੰ ਲਏ ਜਾਣ ਦੀ ਚਰਚਾ ਚੱਲ ਰਹੀ ਸੀ ਪਰ ਹੁਣ ਮਿਲੀ ਜਾਣਕਾਰੀ ਅਨੁਸਾਰ ਅਕਸ਼ੈ ਨੂੰ ਇਸ ਫਿਲਮ ਲਈ ਫਾਈਨਲ ਕਰ ਲਿਆ ਗਿਆ ਹੈ। ਦੂਜੇ ਪਾਸੇ ਅਕਸ਼ੈ ਵੱਲੋਂ ਖ਼ੁਦ ਇਸ ਗੱਲ ਦੀ ਅਜੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਪ੍ਰਿਥਵੀਰਾਜ ਚੌਹਾਨ ‘ਤੇ ਆਧਾਰਿਤ ਇਸ ਬਾਇਓਪਿਕ ਨੂੰ ਚੰਦਰਪ੍ਰਕਾਸ਼ ਡਾਇਰੈਕਟ ਕਰੇਗਾ। ਜਾਣਕਾਰੀ ਲਈ ਦੱਸ ਦਈਏ ਕਿ ਚੰਦਰਪ੍ਰਕਾਸ਼ ‘ਚਾਣਕਯ’ ਸ਼ੋਅ ਦਾ ਸਿਰਫ਼ ਲੇਖਕ ਹੀ ਨਹੀਂ ਬਲਕਿ ਡਾਇਰੈਕਟਰ ਤੇ ਐਕਟਰ ਵੀ ਸੀ। ਯਸ਼ਰਾਜ ਫਿਲਮਜ਼ ਅਤੇ ਚੰਦਰਪ੍ਰਕਾਸ਼ ਦੁਆਰਾ ਨਿਰਦੇਸ਼ਤ ਇਹ ਫਿਲਮ ਵੱਡੇ ਬਜਟ ਨਾਲ ਬਣਾਈ ਜਾਵੇਗੀ। ਫਿਲਹਾਲ ਫਿਲਮ ਨਾਲ ਜੁੜੀ ਬਾਕੀ ਟੀਮ ਅਤੇ ਹੋਰ ਕਈ ਤਰ੍ਹਾਂ ਦੀਆਂ ਇਸ ਫਿਲਮ ਨਾਲ ਜੁੜੀਆਂ ਗੱਲਾਂ ਦਾ ਐਲਾਨ ਕਰਨਾ ਬਾਕੀ ਹੈ। ਉਧਰ ਅਕਸ਼ੈ ਕੁਮਾਰ ਇਸ ਵਕਤ ਆਪਣੀ ਅਗਲੀ ਆਉਣ ਵਾਲੀ ਫਿਲਮ ‘ਸਾਰਾਗੜ੍ਹੀ’ ‘ਚ ਰੁੱਝਿਆ ਹੋਇਆ ਹੈ। ਅਕਸ਼ੈ ਦੀ 15 ਅਗਸਤ ਮੌਕੇ ਹਾਕੀ ਦੀ ਖੇਡ ‘ਤੇ ਆਧਾਰਿਤ ਫਿਲਮ ‘ਗੋਲਡ’ ਵੀ ਰਿਲੀਜ਼ ਹੋਈ ਹੈ। ਇਹ ਫਿਲਮ ਪਰਦੇ ‘ਤੇ ਸਫਲਤਾ ਹਾਸਲ ਕਰਨ ‘ਚ ਕਾਫ਼ੀ ਹੱਦ ਤਕ ਕਾਮਯਾਬ ਵੀ ਰਹੀ ਹੈ। ੲ