ਹੁਣ ਭਾਜਪਾ ‘ਚ ਵੀ ਹੋਣ ਲੱਗਾ ਸੁਖਬੀਰ ਬਾਦਲ ਦਾ ਵਿਰੋਧ

ਜਲੰਧਰ— ਵਿਧਾਨ ਸਭਾ ਸੈਸ਼ਨ ਦੌਰਾਨ ਸਦਨ ‘ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੇ ਵਿਧਾਇਕਾਂ ਨਾਲ ਵਾਕਆਊਟ ਕਰਨ ‘ਤੇ ਜਿੱਥੇ ਵਿਰੋਧੀ ਪਾਰਟੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਹਨ, ਉਥੇ ਹੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਜਪਾ ਦੇ ਨੇਤਾਵਾਂ ਨੇ ਵੀ ਬੋਲਣਾ ਸ਼ੁਰੂ ਕਰ ਦਿੱਤਾ ਹੈ। ਸੋਮਵਾਰ ਨੂੰ ਜਲੰਧਰ ਵਿਖੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਸਦਨ ‘ਚ ਚਰਚਾ ਬਾਰੇ ਸੈਸ਼ਨ ਛੱਡਣ ਨਾਲ ਅਕਾਲੀ ਦਲ-ਭਾਜਪਾ ਦੇ ਅਕਸ ‘ਤੇ ਮਾੜਾ ਪ੍ਰਭਾਵ ਪਿਆ ਹੈ।
ਕਮਲ ਨੇ ਕਿਹਾ ਕਿ ਚਰਚਾ ਵਾਲੇ ਦਿਨ ਉਹ ਵਿਧਾਨ ਸਭਾ ‘ਚ ਹੀ ਸਨ ਅਤੇ ਉਨ੍ਹਾਂ ਨੇ ਭਾਜਪਾ ਵਿਧਾਇਕਾਂ ਨਾਲ ਗੱਲਬਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੇ ਭਾਸ਼ਣਾਂ ਲਈ ਤਿਆਰ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੀਤੇ ਗਏ ਵਾਕਆਊਟ ਨੇ ਸੱਤਾਧਾਰੀ ਸਰਕਾਰ ਕਾਂਗਰਸ ਨੂੰ ਬਿਨਾਂ ਕਿਸੇ ਰੁਕਾਵਟ ਦੇ ਬੋਲਣ ਦਾ ਮੌਕਾ ਦਿੱਤਾ ਕਿਉਂਕਿ ਲਾਈਵ ਟੈਲੀਕਾਸਟ ਸੀ। ਉਨ੍ਹਾਂ ਨੇ ਕਿਹਾ ਕਿ ਸੈਸ਼ਨ ਦੌਰਾਨ ਅਕਾਲੀ ਦਲ ਨੂੰ ਚਰਚਾ ‘ਚ ਹਿੱਸਾ ਲੈ ਕੇ ਹਰ ਸਵਾਲ ਦਾ ਜਵਾਬ ਦੇਣਾ ਚਾਹੀਦਾ ਸੀ।
ਆਉਣ ਵਾਲੀਆਂ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਦੇ ਸਬੰਧ ‘ਚ ਬੋਲਦੇ ਹੋਏ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਨੇ ਕਿਹਾ ਕਿ ਚੋਣਾਂ ਨੂੰ ਲੈ ਕੇ ਕਾਂਗਰਸ ਜ਼ਿਆਦਾ ਮਜ਼ਬੂਤ ਸਥਿਤੀ ‘ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਆਗੂਆਂ ਨਾਲ ਚੋਣਾਂ ਸਬੰਧੀ ਵੇਰਵਾ ਲੈਣਾ ਸ਼ੁਰੂ ਕਰ ਦਿੱਤਾ ਹੈ ਪਰ ਜਿਹੜਾ ਅਸਲ ਮੁਕਾਬਲਾ ਹੋਣਾ ਹੈ, ਉਹ 2019 ਦੀਆਂ ਲੋਕ ਸਭਾ ‘ਚ ਹੋਵੇਗਾ।