ਬੁਢਲਾਡਾ ਦੇ ਮੁੰਡੇ ਨੂੰ ਮਹਿੰਗਾ ਪਿਆ ਫਿਲੀਪਾਈਨ ਦੀ ਕੁੜੀ ਨੂੰ ਸ਼ੋਸ਼ਲ ਮੀਡੀਆ ਤੇ ਤੰਗ ਕਰਨਾ

ਪੰਜਾਬ ਪੁਲੀਸ ਦੇ ਸ਼ੋਸ਼ਲ ਮੀਡੀਆ ਪੇਜ *ਤੇ ਮਿਲੀ ਸੀ ਸ਼ਿਕਾਇਤ
ਮਾਨਸਾ ਪੁਲੀਸ ਨੇ ਕਾਰਵਾਈ ਕਰਦਿਆਂ ਵੀਡੀਓ ਕਾਲਿੰਗ ਦੇ ਜ਼ਰੀਏ ਮੰਗਵਾਈ ਮੁੰਡੇ ਕੋਲੋਂ ਮਾਫ਼ੀ
ਮਾਨਸਾ- ਪੰਜਾਬ ਪੁਲੀਸ ਦੇ ਸ਼ੋਸ਼ਲ ਮੀਡੀਆ ਪੇਜ *ਤੇ ਫਿਲੀਪਾਈਨ ਦੀ ਰਹਿਣ ਵਾਲੀ ਇਕ ਕੁੜੀ ਦੀ ਸ਼ਿਕਾਇਤ ਮਿਲਣ ‘ਤੇ ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਮਨਧੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਮੁਲਜ਼ਮ ਦੀ ਭਾਲ ਕਰਕੇ ਵੀਡੀਓ ਕਾਨਫਰੰਸ ਰਾਹੀਂ ਮੁੰਡੇ ਕੋਲੋਂ ਮਾਫ਼ੀ ਮੰਗਵਾਈ।
ਸਾਈਬਰ ਇਨਵੈਸਟੀਗੈਸ਼ਨ ਟੈਕਨੀਕਲ ਸਪੋਰਟ ਯੂਨਿਟ ਦੇ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਪੁਲੀਸ ਦੇ ਸ਼ੋਸ਼ਲ ਮੀਡੀਆ ਪੇਜ਼ *ਤੇ ਫਿਲੀਪਾਈਨ ਦੀ ਰਹਿਣ ਵਾਲੀ ਸਟੈਫੀ ਅਮੀਸਟ ਮਾਰੀਜ਼ਲ ਅਜ਼ਾਜ਼ੋਂਗ ਨਾਮਕ ਇਕ ਲੜਕੀ ਨੇ ਸ਼ਿਕਾਇਤ ਕੀਤੀ ਸੀ ਕਿ ਬੁਢਲਾਡਾ ਦਾ ਵਸਨੀਕ ਇਕ ਲੜਕਾ ਸ਼ੋਸ਼ਲ ਮੀਡੀਆ *ਤੇ ਉਸ ਨਾਲ ਗਲਤ ਸ਼ਬਦਾਵਲੀ ਦੀ ਵਰਤੋ ਕਰ ਰਿਹਾ ਹੈ। ਉਕਤ ਸ਼ਿਕਾਇਤ ਇਸ ਲੜਕੀ ਨੇ ਪੰਜਾਬ ਪੁਲੀਸ ਦੇ ਫੇਸਬੁਕ ਪੇਜ *ਤੇ ਕੀਤੀ ਸੀ, ਜਿਸ ਉਪਰµਤ ਇਸ ਦਰਖ਼ਾਸਤ ਨੂੰ ਮਾਨਸਾ ਪੁਲੀਸ ਨੂੰ ਮਾਰਕ ਕਰ ਦਿੱਤਾ ਗਿਆ ਸੀ।
ਸ਼ਿਕਾਇਤ ਮਿਲਣ *ਤੇ ਐਸਐਸਪੀ ਮਨਧੀਰ ਸਿੰਘ ਦੇ ਨਿਰਦੇਸ਼ਾਂ *ਤੇ 2 ਦਿਨ ਦੀ ਸਾਈਬਰ ਇਨਵੈਸਟੀਗੈਸ਼ਨ ਕਰਨ ਤੋਂ ਬਾਅਦ ਮੁਲਜ਼ਮ ਦੀ ਭਾਲ ਕਰਕੇ ਉਸ ਨੂੰ ਐਸਐਸਪੀ ਦਫ਼ਤਰ ਵਿਖੇ ਪੇਸ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਕਰਨ ਉਪਰੰਤ ਫਿਲੀਪਾਈਨ ਦੀ ਰਹਿਣ ਵਾਲੀ ਲੜਕੀ ਨਾਲ ਮੁਲਜ਼ਮ ਦੀ ਵੀਡੀਓ ਕਾਲ ਕਰਵਾਕੇ ਮਾਫ਼ੀ ਮੰਗਵਾਈ ਗਈ, ਜਿਸ ਵਿਚ ਮੁਲਜ਼ਮ ਨੇ ਅਗਾਂਹ ਤੋਂ ਅਜਿਹੀ ਗਲਤੀ ਨਾ ਕਰਨ ਦਾ ਯਕੀਨ ਦਵਾਇਆ। ਮਾਫ਼ੀ ਉਪਰੰਤ ਉਸ ਲੜਕੀ ਨੇ ਕਿਹਾ ਕਿ ਉਹ ਲੜਕੇ ਦਾ ਭਵਿੱਖ ਖ਼ਰਾਬ ਨਹੀਂ ਕਰਨਾ ਚਾਹੁੰਦੀ, ਜੇਕਰ ਅੱਗੇ ਤੋਂ ਉਹ ਅਜਿਹੀ ਗਲਤੀ ਕਰੇਗਾ ਤਾਂ ਉਹ ਦੁਬਾਰਾ ਪੰਜਾਬ ਪੁਲੀਸ ਨੂੰ ਸੂਚਿਤ ਕਰੇਗੀ।
ਰਮਨਦੀਪ ਸਿੰਘ ਨੇ ਦੱਸਿਆ ਕਿ ਮਾਨਸਾ ਪੁਲੀਸ ਪ੍ਰੈਕਟੀਕਲੀ ਕਾਰਗੁਜ਼ਾਰੀ ਤੋਂ ਇਲਾਵਾ ਸ਼ੋਸ਼ਲ ਮੀਡੀਆ *ਤੇ ਵੀ ਐਕਟਿਵ ਹੈ। ਸ਼ੋਸ਼ਲ ਮੀਡੀਆ *ਤੇ ਫੇਕ ਅਕਾਊਂਟ ਬਣਾਕੇ ਗਲਤ ਕਾਰਵਾਈਆਂ ਨੂੰ ਅੰਜ਼ਾਮ ਦੇਣ ਵਾਲੇ ਪੁਲੀਸ ਦੀ ਨਜ਼ਰ ਤੋਂ ਨਹੀਂ ਬਚ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲੀਸ ਸਾਈਬਰ ਕਰਾਈਮ ਨੂੰ ਰੋਕਣ ਲਈ ਹਮੇਸ਼ਾ ਤਤਪਰ ਹੈ ਅਤੇ ਅਜਿਹੀਆਂ ਗਤੀਵਿਧੀਆਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।