ਭੀਮਾ ਕੋਰੇਗਾਓਂ: ਪੂਣੇ ਪੁਲਸ ਨੂੰ ਚਾਰਜਸ਼ੀਟ ਦਾਖ਼ਲ ਕਰਨ ਲਈ ਮਿਲੇ 90 ਦਿਨ

ਨਵੀਂ ਦਿੱਲੀ— ਭੀਮਾ ਕੋਰੇਗਾਓਂ ਹਿੰਸਾ ਮਾਮਲੇ ‘ਚ ਪੂਣੇ ਪੁਲਸ ਨੂੰ ਵੱਡੀ ਰਾਹਤ ਮਿਲੀ ਹੈ। ਪੂਣੇ ਸੈਸ਼ਨ ਕੋਰਟ ਨੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਪੰਜ ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖ਼ਲ ਕਰਨ ਲਈ ਪੂਣੇ ਪੁਲਸ ਨੂੰ 90 ਦਿਨ ਦਾ ਸਮਾਂ ਦਿੱਤਾ ਹੈ। ਦੱਸ ਦਈਏ ਕਿ ਪੂਣੇ ਪੁਲਸ ਨੇ 6 ਜੂਨ ਨੂੰ ਸੁਰੇਂਦਰ ਗਾਡਲਿੰਗ, ਸ਼ੋਮਾ ਸੇਨ, ਮਹੇਸ਼ ਰਾਉਤ, ਸੁਧੀਰ ਧਵਲੇ ਅਤੇ ਰੋਨਾ ਵਿਲਸਨ ਨੂੰ ਭੀਮਾ ਕੋਰੇਗਾਓਂ ‘ਚ ਹਿੰਸਾ ਦੇ ਇਕ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ।
ਇਨ੍ਹਾਂ ‘ਚ ਸੁਰੇਂਦਰ ਗਾਡਲਿੰਗ ਦੀ ਪਤਨੀ ਨੇ ਸੁਪਰੀਮ ਕੋਰਟ ਤੋਂ ਮਾਮਲੇ ‘ਚ ਦਖ਼ਲਅੰਦਾਜ਼ੀ ਕਰਨ ਦੀ ਸਿਫਾਰਿਸ਼ ਕੀਤੀ ਹੈ ਅਤੇ ਇਸ ਨੂੰ ਲੈ ਕੇ ਇਕ ਪਟੀਸ਼ਨ ਦਾਇਰ ਕੀਤੀ ਹੈ। ਸੁਰੇਂਦਰ ਦੀ ਪਤਨੀ ਮੀਨਲ ਗਾਡਲਿੰਗ ਦਾ ਦੋਸ਼ ਹੈ ਕਿ ਇਨ੍ਹਾਂ ਸਾਰਿਆਂ ਨੂੰ ਮਾਮਲੇ ‘ਚ ਫਸਾਇਆ ਜਾ ਰਿਹਾ ਹੈ ਜਦਕਿ ਉਨ੍ਹਾਂ ਦੀ ਇਸ ਹਿੰਸਾ ‘ਚ ਕੋਈ ਹਿੱਸੇਦਾਰੀ ਨਹੀਂ ਹੈ। ਪੂਣੇ ਪੁਲਸ ਨੇ ਇਨ੍ਹਾਂ ਪੰਜਾਂ ਦੋਸ਼ੀਆਂ ਨੂੰ ਮਾਓਵਾਦੀਆਂ ਨਾਲ ਸੰਬੰਧ ਹੋਣ ਦੇ ਦੋਸ਼ ‘ਚ ਗੈਰ-ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਗ੍ਰਿਫਤਾਰ ਕੀਤਾ ਸੀ।
ਮਾਮਲੇ ‘ਚ ਜਨਵਰੀ ‘ਚ ਇਕ ਐਫ.ਆਈ.ਆਰ. ਦਰਜ ਕੀਤੀ ਗਈ ਸੀ ਅਤੇ ਮਾਰਚ ‘ਚ ਕੁਝ ਹੋਰ ਧਾਰਾਵਾਂ ਜੋੜੀਆਂ ਗਈਆਂ ਸਨ। ਭੀਮਾ ਕੋਰੇਗਾਓਂ ‘ਚ ਜਨਵਰੀ ਮਹੀਨੇ ‘ਚ ਹੋਈ ਹਿੰਸਾ ‘ਚ ਇਨ੍ਹਾਂ ਪੰਜ ਲੋਕਾਂ ਦੀ ਗ੍ਰਿਫਤਾਰੀ ਦੇ ਬਾਅਦ ਇਕ ਹੈਰਾਨ ਕਰ ਦੇਣ ਵਾਲਾ ਖੁਲਾਸਾ ਹੋਇਆ ਸੀ। ਪੂਣੇ ਪੁਲਸ ਨੂੰ ਇਨ੍ਹਾਂ ‘ਚੋਂ ਇਕ ਦੋਸ਼ੀ ਦੇ ਘਰ ਤੋਂ ਅਜਿਹਾ ਪੱਤਰ ਮਿਲਿਆ, ਜਿਸ ‘ਚ ਰਾਜੀਵ ਗਾਂਧੀ ਦੇ ਕਤਲ ਵਰਗੀ ਪਲਾਨਿੰਗ ਦਾ ਵੀ ਜ਼ਿਕਰ ਕੀਤਾ ਗਿਆ ਸੀ।