ਨਵੀਂ ਦਿੱਲੀ —ਭਾਜਪਾ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਚੀਨ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਆਖਿਰ ਉਨ੍ਹਾਂ ਨੂੰ ਚੀਨ ਨਾਲ ਇੰਨਾ ਲਗਾਅ ਕਿਉਂ ਹੋ ਗਿਆ ਹੈ। ਭਾਜਪਾ ਬੁਲਾਰੇ ਸੰਬਿਤ ਪਾਤਰਾ ਨੇ ਰਾਹੁਲ ਨੂੰ ‘ਚੀਨੀ ਗਾਂਧੀ’ ਦੱਸਦੇ ਹੋਏ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਮੁੱਦਿਆਂ ਦੀ ਤੁਲਨਾ ਚੀਨ ਨਾਲ ਕਿਉਂ ਕਰਦੇ ਹਨ।
ਉਨ੍ਹਾਂ ਰਾਹੁਲ ਦੇ ਚੀਨ ਦੇ ਰਸਤੇ ਕੈਲਾਸ਼ ਮਾਨਸਰੋਵਰ ਯਾਤਰਾ ‘ਤੇ ਸਵਾਲ ਉਠਾਉਂਦਿਆਂ ਕਿਹਾ ਕਿ ਅਸੀਂ ਕਾਂਗਰਸ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਹ ਚੀਨ ਵਿਚ ਕਿਹੜੇ-ਕਿਹੜੇ ਨੇਤਾਵਾਂ ਨੂੰ ਮਿਲਣਗੇ ਅਤੇ ਉਨ੍ਹਾਂ ਨਾਲ ਕੀ ਚਰਚਾ ਕਰਨਗੇ, ਇਹ ਅਸੀਂ ਜਾਣਨਾ ਚਾਹੁੰਦੇ ਹਾਂ।
ਭਾਜਪਾ ਬੁਲਾਰੇ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਚੀਨ ਹਰ ਰੋਜ਼ 50 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੰਦਾ ਹੈ, ਜਦਕਿ ਭਾਰਤ ਇਕ ਦਿਨ ਵਿਚ 450 ਨੌਜਵਾਨਾਂ ਨੂੰ ਹੀ ਰੋਜ਼ਗਾਰ ਦੇ ਪਾਉਂਦਾ ਹੈ। ਆਖਿਰ ਉਨ੍ਹਾਂ ਨੂੰ ਇਹ ਜਾਣਕਾਰੀ ਕਿਥੋਂ ਮਿਲੀ। ਅਸਲ ਵਿਚ ਰਾਹੁਲ ਭਾਰਤ ਦੇ ਨਜ਼ਰੀਏ ਨੂੰ ਸਮਝਣਾ ਹੀ ਨਹੀਂ ਚਾਹੁੰਦੇ ਹਨ। ਉਹ ਚੀਨ ਦਾ ਵਿਗਿਆਪਨ ਕਰਨ ਵਿਚ ਲੱਗੇ ਹਨ। ਪਾਤਰਾ ਨੇ ਕਿਹਾ ਕਿ ਜਿਸ ਸਮੇਂ ਡੋਕਲਾਮ ਵਿਚ ਤਣਾਅ ਸੀ ਤਾਂ ਰਾਹੁਲ ਬਿਨਾਂ ਕਿਸੇ ਨੂੰ ਵਿਸ਼ਵਾਸ ਵਿਚ ਲਈ ਚੀਨ ਦੇ ਰਾਜਦੂਤ ਨਾਲ ਬੈਠਕ ਕਰ ਰਹੇ ਸਨ। ਜਦੋਂ ਇਹ ਗੱਲ ਲੋਕਾਂ ਦੇ ਸਾਹਮਣੇ ਆਈ ਤਾਂ ਕਾਂਗਰਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਹਾਲਾਂਕਿ ਇਸ ਨੂੰ ਸਵੀਕਾਰ ਕੀਤਾ ਗਿਆ।
ਮਾਨਸਰੋਵਰ ਯਾਤਰਾ ‘ਤੇ ਰਾਹੁਲ ਰਵਾਨਾ-ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਰਵਾਨਾ ਹੋ ਗਏ। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੂਰਜੇਵਾਲਾ ਨੇ ਦੱਸਿਆ ਕਿ ਰਾਹੁਲ ਗਾਂਧੀ ਲਗਭਗ 14 ਦਿਨ ਤੱਕ ਇਸ ਯਾਤਰਾ ‘ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਭਗਵਾਨ ਭੋਲੇ ਸ਼ੰਕਰ ਦੇ ਭਗਤ ਰਾਹੁਲ ਰਾਸ਼ਟਰ ਦੇ ਨਵ-ਨਿਰਮਾਣ, ਦੇਸ਼ ਅਤੇ ਦੇਸ਼ਵਾਸੀਆਂ ਦੀ ਖੁਸ਼ਹਾਲੀ ਦੀ ਕਾਮਨਾ ਦੇ ਨਾਲ ਭਗਵਾਨ ਕੈਲਾਸ਼ਪਤੀ ਦੇ ਦਰਸ਼ਨ ਅਤੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਲਈ ਕੈਲਾਸ਼ ਮਾਨਸਰੋਵਰ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਹੁਲ ਨੇ ਕਰਨਾਟਕ ਜਾਂਦੇ ਸਮੇਂ ਪਿਛਲੇ ਦਿਨੀਂ ਇਹ ਸੰਕਲਪ ਉਸ ਸਮੇਂ ਲਿਆ ਸੀ ਜਦੋਂ ਉਨ੍ਹਾਂ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ ਸੀ।