ਅਭਿਨੇਤਾ ਰਿਤਿਕ ਰੋਸ਼ਨ ਦੀ ਫ਼ਿਲਮ ਸੁਪਰ 30 ਅਗਲੇ ਸਾਲ 25 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਸੀ, ਪਰ ਫ਼ਿਲਹਾਲ ਹੁਣ ਇਸ ਦਿਨ ਸੁਪਰ 30 ਨਹੀਂ ਰਿਲੀਜ਼ ਹੋਵੇਗੀ। ਅਸਲ ‘ਚ ਇਸੇ ਦਿਨ ਰਿਤਿਕ ਦੀ ਨੱਕ ‘ਚ ਦਮ ਕਰਨ ਵਾਲੀ ਅਦਾਕਾਰਾ ਕੰਗਨਾ ਰਨੌਤ ਦੀ ਚਰਚਿਤ ਫ਼ਿਲਮ ਮਣੀਕਰਣਿਕਾ ਵੀ ਰਿਲੀਜ਼ ਹੋ ਰਹੀ ਹੈ। ਰਿਤਿਕ ਜਿੱਥੇ ਆਨੰਦ ਕੁਮਾਰ ਦੀ ਭੂਮਿਕਾ ‘ਚ ਨਜ਼ਰ ਆਏਗਾ ਉਥੇ ਕੰਗਨਾ ਨੂੰ ਝਾਂਸੀ ਦੀ ਰਾਣੀ ਲਕਸ਼ਮੀਬਾਈ ਦਾ ਇਤਿਹਾਸਿਕ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ ਹੈ। ਇਨ੍ਹਾਂ ਦੋਵਾਂ ਫ਼ਿਲਮਾਂ ਤੋਂ ਇਲਾਵਾ ਦੋ ਹੋਰ ਫ਼ਿਲਮਾਂ ਇਸੇ ਦਿਨ ਰਿਲੀਜ਼ ਹੋ ਰਹੀਆਂ ਹਨ। ਬਾਲਾ ਸਾਹਿਬ ਠਾਕਰੇ ਦੇ ਜੀਵਨ ‘ਤੇ ਆਧਾਰਿਤ ਠਾਕਰੇ ਵੀ ਇਸੇ ਦਿਨ ਰਿਲੀਜ਼ ਹੋਣ ਜਾ ਰਹੀ ਹੈ। ਸੰਜੀਦਾ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਇਸ ਫ਼ਿਲਮ ‘ਚ ਬਾਲਾ ਸਾਹਿਬ ਠਾਕਰੇ ਦਾ ਕਿਰਦਾਰ ਨਿਭਾਇਆ ਹੈ। ਇਨ੍ਹਾਂ ਤੋਂ ਇਲਾਵਾ ਇਮਰਾਨ ਹਾਸ਼ਮੀ ਵੀ ਅਗਲੀ 25 ਜਨਵਰੀ ਦੀ ਇਸ ਲਾਈਨਅੱਪ ‘ਚ ਸ਼ਾਮਿਲ ਹੈ। ਉਹ ਵੀ ਚੀਟ ਇੰਡੀਆ ਫ਼ਿਲਮ ਨੂੰ ਇਸੇ ਦਿਨ ਦਰਸ਼ਕਾਂ ਸਾਹਮਣੇ ਲਿਆ ਰਿਹਾ ਹੈ। ਸੁਪਰ 30 ਨਾਲ ਜੁੜੇ ਸੂਤਰ ਦੱਸਦੇ ਹਨ ਕਿ ਉਨ੍ਹਾਂ ਦੀ ਫ਼ਿਲਮ ਦੀ ਰਿਲੀਜ਼ ਨੂੰ ਹੁਣ ਅੱਗੇ ਪਾ ਦਿੱਤਾ ਗਿਆ ਹੈ। ਇਹ ਫ਼ਿਲਮ ਹੁਣ 25 ਜਨਵਰੀ ਨੂੰ ਰਿਲੀਜ਼ ਨਹੀਂ ਹੋ ਰਹੀ।