ਮੁੱਖ ਮੰਤਰੀ ਵੱਲੋਂ ‘ਆਈ ਹਰਿਆਲੀ’ ਮੋਬਾਇਲ ਐਪ ਦਾ ਆਈ.ਓ.ਐਸ. ਸਵਰੂਪ ਜਾਰੀ

ਚੰਡੀਗੜ੍ਹ- ਪੰਜਾਬ ਸਰਕਾਰ ਦੀ ‘ਘਰ-ਘਰ ਹਰਿਆਲੀ’ ਯੋਜਨਾ ਤਹਿਤ ਸੂਬੇ ਦੇ ਵਾਤਾਵਰਣ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਬਣਾਉਣ ਦੇ ਮੰਤਵ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ‘ਆਈ ਹਰਿਆਲੀ’ ਮੋਬਾਇਲ ਐਪ ਦਾ ਆਈ.ਓ.ਐਸ. ਸਵਰੂਪ (ਅਪਰੇਟਿੰਗ ਸਿਸਟਮ) ਜਾਰੀ ਕੀਤਾ ਗਿਆ ਹੈ ਜਿਸ ਨਾਲ ਐਪਲ ਕੰਪਨੀ ਦਾ ਮੋਬਾਇਲ ਵਰਤਣ ਵਾਲਿਆਂ ਨੂੰ ਇਸ ਐਪ ਜ਼Ðਰੀਏ ਪੌਦੇ ਪ੍ਰਾਪਤ ਕਰਨ ਦੇ ਚਾਹਵਾਨਾਂ ਨੂੰ ਵੱਡੀ ਸਹੂਲਤ ਮਿਲੇਗੀ।
ਅੱਜ ਇੱਥੇ ਮੁੱਖ ਮੰਤਰੀ ਦਫਤਰ ਵਿਖੇ ਇਹ ਐਪਲੀਕੇਸ਼ਨ ਲੋਕਾਂ ਨੂੰ ਸਮਰਪਿਤ ਕਰਨ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਹੋਰ ਹੁਲਾਰਾ ਮਿਲੇਗਾ ਅਤੇ ਸੂਬੇ ਦੇ ਵਾਤਾਵਰਣਿਕ ਸੰਤੁਲਨ ਨੂੰ ਯਕੀਨੀ ਬਣਾਇਆ ਜਾ ਸਕੇਗਾ। ਇਸ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਇਸ ਐਪ ਦੇ ਐਂਡਰਾਇਡ ਸਵਰੂਪ ਨੂੰ ਜਾਰੀ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਹ ਦੇਸ਼ ਦੀ ਪਹਿਲੀ ਅਜਿਹੀ ਐਪ ਹੈ ਜਿਸ ਰਾਹੀਂ ਲੋਕ ਆਪਣੇ ਨੇੜਲੀ ਸਰਕਾਰੀ ਨਰਸਰੀ ਤੋਂ ਆਪਣੀ ਪਸੰਦ ਦਾ ਪੌਦਾ ਬਿਲਕੁਲ ਮੁਫਤ ਪ੍ਰਾਪਤ ਕਰ ਸਕਦੇ ਹਨ। ਇਸ ਮੋਬਾਇਲ ਐਪ ਰਾਹੀਂ ਸੰਗਰੂਰ, ਲੁਧਿਆਣਾ, ਪਟਿਆਲਾ ਜ਼ਿਲ੍ਹੇ ਜਿੱਥੇ ਵਸੋਂ ਘਣਤਾ ਜ਼ਿਆਦਾ ਹੈ, ਦੇ ਲੋਕਾਂ ਵਲੋਂ ਵੱਡੀ ਦਿਲਸਚਪੀ ਦਿਖਾਈ ਗਈ ਹੈ। ਇਨਾਂ ਪੌਦਿਆਂ ਵਿਚ ਮੁੱਖ ਤੌਰ ‘ਤੇ ਸਜਾਵਟੀ , ਫਲਦਾਰ ਤੇ ਦਵਾਈਆਂ ਵਾਲੇ ਪੌਦੇ ਸ਼ਾਮਿਲ ਹਨ।
ਜੰਗਲਾਤ ਮੰਤਰੀ ਸ੍ਰੀ ਸਾਧੂ ਸਿੰਘ ਧਰਮਸੋਤ ਨੇ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ ਕਿ ਇਸ ਮੋਬਾਇਲ ਐਪ ਰਾਹੀਂ ਪੌਦੇ ਪ੍ਰਾਪਤ ਕਰਨ ਨੂੰ ਲੋਕਾਂ ਵਲੋਂ ਵੱਡਾ ਹੁੰਗਾਰਾ ਮਿਲਿਆ ਹੈ। ਗੈਰ ਸਰਕਾਰੀ ਸੰਗਠਨਾਂ, ਨੌਜਵਾਨਾਂ ਤੇ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਵਲੋਂ ਇਸ ਐਪ ਰਾਹੀਂ ਵੱਡੀ ਗਿਣਤੀ ਵਿਚ ਬੂਟੇ ਪ੍ਰਾਪਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ‘ਘਰ—ਘਰ ਹਰਿਆਲੀ’ ਮੁਹਿੰਮ ਤਹਿਤ ਸੂਬੇ ਭਰ ਵਿਚ 32 ਲੱਖ ਪੌਦੇ ਲਾਏ ਜਾ ਚੁੱਕੇ ਹਨ।
ਮÎੰਤਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਵੀ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਤਲਵਾੜਾ ਖੇਤਰ ਵਿਚ ਵਾਟਰਸ਼ੈਡ ਯੋਜਨਾਬੰਦੀ (ਅਰਧ ਪਹਾੜੀ ਖੇਤਰਾਂ ਵਿਚ ਕੁਦਰਤੀ ਪਾਣੀ ਦੇ ਇਕੱਠਾ ਹੋਣ ਵਾਲਾ ਸਥਾਨ) ਲਈ ਡਰੋਨ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ।
ਰਾਜ ਭਰ ਵਿਚ ਪੌਦੇ ਲਾਉਣ ਦੀ ਮੁਹਿੰਮ ਦੀ ਸਫਲਤਾ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਹਰਿਆਲੀ ਵਧਾਉਣ ਵਿਚ ਮਦਦ ਮਿਲੇਗੀ ਸਗੋਂ ਲੋਕਾਂ ਨੂੰ ਸਾਫ ਸੁਥਰਾ ਵਾਤਾਵਰਣ ਮੁਹੱਈਆ ਵੀ ਕਰਵਾਇਆ ਜਾ ਸਕੇਗਾ। ਉਨ੍ਹਾਂ ਇਸ ਯੋਜਨਾ ਬਾਰੇ ਲੋਕਾਂ ਨੂੰ ਹੋਰ ਜਾਗਰੂਕ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ।