ਅੱਜਕੱਲ੍ਹ ਬੌਲੀਵੁੱਡ ‘ਚ ਬਾਇਓਪਿਕ ਫ਼ਿਲਮਾਂ ਬਣਾਉਣ ਦਾ ਕਾਫ਼ੀ ਜ਼ੋਰ ਚੱਲ ਰਿਹਾ ਹੈ। ਹਾਲ ਹੀ ‘ਚ ਰਿਲੀਜ਼ ਹੋਈ ਫ਼ਿਲਮ ਸੰਜੂ ਨੂੰ ਪਰਦੇ ‘ਤੇ ਕਾਫ਼ੀ ਚੰਗੀ ਸਫ਼ਲਤਾ ਮਿਲੀ ਹੈ। ਇੱਕ ਦੂਜੇ ਦੇ ਮਗਰ ਲੱਗਣ ਲਈ ਮਸ਼ਹੂਰ ਬੌਲੀਵੁੱਡ ‘ਚ ਹੁਣ ਬਾਇਓਪਿਕ ਫ਼ਿਲਮਾਂ ਬਣਨ ਦੀ ਇੱਕ ਲੰਬੀ ਦੌੜ ਸ਼ੁਰੂ ਹੋਣ ਵਾਲੀ ਹੈ। ਕੁੱਝ ਦਿਨ ਪਹਿਲਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਗੋਵਿੰਦਾ ਦੇ ਜੀਵਨ ‘ਤੇ ਵੀ ਇੱਕ ਬਾਇਓਪਿਕ ਬਣ ਸਕਦੀ ਹੈ, ਪਰ ਜੋ ਜਾਣਕਾਰੀ ਹੁਣ ਸਾਹਮਣੇ ਆਈ ਹੈ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਅਸਲ ‘ਚ ਅਦਾਕਾਰ ਅਤੇ ਕੌਮੇਡੀਅਨ ਕਪਿਲ ਸ਼ਰਮਾ ‘ਤੇ ਫ਼ਿਲਮ ਬਣਾਉਣ ਦੀ ਗੱਲਬਾਤ ਚਲ ਰਹੀ ਹੈ। ਇਹ ਗੱਲ ਤੇਰੀ ਭਾਬੀ ਹੈ ਪਾਗਲ ਦੇ ਨਿਰਦੇਸ਼ਕ ਵਿਨੋਦ ਤਿਵਾੜੀ ਨੇ ਆਖੀ ਹੈ। ਇਹ ਫ਼ਿਲਮ ਬਣਾਉਣ ਦੀ ਪ੍ਰੇਰਣਾ ਵਿਨੋਦ ਨੂੰ ਸੰਜੂ ਵੇਖ ਕੇ ਮਿਲੀ ਹੈ। ਵਿਨੋਦ ਨੇ ਕਿਹਾ ਹੈ ਕਿ ਸੰਜੂ ਨੂੰ ਵੇਖ ਕੇ ਮੈਨੂੰ ਲੱਗਿਆ ਕਿ ਕਪਿਲ ਸ਼ਰਮਾ ‘ਤੇ ਵੀ ਬਾਇਓਪਿਕ ਬਣਨੀ ਚਾਹੀਦੀ ਹੈ। ਉਸ ਦੀ ਕਹਾਣੀ ਵੀ ਦੱਸਣਯੋਗ ਹੈ। ਕੁੱਝ ਨਿਰਮਾਤਾ ਇਸ ਫ਼ਿਲਮ ‘ਤੇ ਪੈਸਾ ਲਗਾਉਣ ਲਈ ਵੀ ਤਿਆਰ ਹਨ। ਕਪਿਲ ਸ਼ਰਮਾ ਦਾ ਰੋਲ ਕੌਣ ਨਿਭਾਏਗਾ? ਇਹ ਇੱਕ ਅਹਿਮ ਸਵਾਲ ਹੈ। ਇਸ ‘ਤੇ ਵਿਨੋਦ ਦਾ ਕਹਿਣਾ ਹੈ ਕਿ ਕਪਿਲ ਚਾਹੇ ਤਾਂ ਉਹ ਖ਼ੁਦ ਇਸ ‘ਚ ਆਪਣਾ ਕਿਰਦਾਰ ਨਿਭਾਅ ਸਕਦਾ ਹੈ।