ਹੁਣ ਭੱਠਿਆਂ ਦਾ ਕਾਲਾ ਧੂੰਆਂ ਬਣ ਜਾਵੇਗਾ ‘ਕੱਲ੍ਹ ਦੀ ਗੱਲ’ : ਸੋਨੀ

ਚੰਡੀਗੜ : ਮਿਸ਼ਨ ਤੰਦਰੁਸਤ ਪੰਜਾਬ ਤਹਿਤ ਰਾਜ ਦੇ ਸਾਰੇ ਭੱਠਿਆਂ ਨੂੰ ਟੇਢੀ ਭਰਾਈ (zig zag) ਵਾਲੀ ਤਕਨਾਲੌਜੀ ਆਪਣਾ ਕੇ ਹੀ ਇੱਟਾਂ ਦੀ ਪਕਾਈ ਕੀਤੇ ਜਾਣ ਲਈ ਜਾਰੀ ਦਿਸ਼ਾ-ਨਿਰਦੇਸ਼ ਇੰਨ-ਬਿੰਨ ਲਾਗੂ ਕਰਨ ਲਈ ਕਿਹਾ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਵਾਤਾਵਰਣ ਮੰਤਰੀ ਸ਼ੀ ਓ. ਪੀ. ਸੋਨੀ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਾਜ ਵਿੱਚ ਚੱਲ ਰਹੇ ਤਕਰੀਬਨ 3000 ਭੱਠਿਆਂ ਨੂੰ ਇਹ ਤਕਨਾਲੌਜੀ ਅਪਣਾਉਣ ਅਤੇ ਇਸ ਸਾਲ ਭੱਠਿਆਂ ਦੇ ਚੱਲਣ ਦਾ ਸਮਾਂ 1 ਫਰਵਰੀ ਤੋਂ 30 ਸਤੰਬਰ ਤੱਕ ਨਿਯੁਕਤ ਕਰਨ ਦੇ ਦਿਸ਼ਾ-ਨਿਰਦੇਸ਼ ਪੰਜਾਬ ਦੇ ਭੱਠਾਂ ਮਾਲਕਾਂ ਨਾਲ ਲਗਾਤਾਰ ਹੋਈਆਂ ਮੀਟਿੰਗਾਂ ਤੋਂ ਬਾਅਦ ਜਾਰੀ ਕੀਤੇ ਹਨ। ਕਿਉਂਕਿ ਪੰਜਾਬ ਵਿੱਚ ਸਰਦੀਆਂ ਦੇ ਮਹੀਨਿਆਂ ਖਾਸਕਰ ਅਕਤੂਬਰ, ਨਵੰਬਰ ਅਤੇ ਦਸੰਬਰ ਮਹੀਨੇ ਦੌਰਾਨ ਹਵਾ ਦੀ ਗੁਣਵੱਤਾ ਵਿੱਚ ਬਹੁਤ ਹੀ ਨਿਘਾਰ ਆ ਜਾਂਦਾ ਹੈ ਕਿਉਂਕਿ ਇਹਨਾਂ ਦਿਨਾਂ ਮੌਸਮ ਠੰਡਾ ਹੋਣ ਦੇ ਨਾਲ 2 ਖੇਤਾਂ ਵਿੱਚ ਪਰਾਲੀ ਨੂੰ ਸਾੜਨ ਕਾਰਨ, ਦੀਵਾਲੀ ਅਤੇ ਹੋਰ ਤਿਉਹਾਰਾਂ ਅਤੇ ਵਿਆਹ ਦੇ ਸਮਾਗਮਾਂ ਤੇ ਪਟਾਕਿਆਂ ਦੇ ਚੱਲਣ ਕਾਰਨ, ਖੇਤਾਂ ਵਿੱਚ ਫ਼ਸਲਾਂ ਦੀ ਕਟਾਈ ਅਤੇ ਮੰਡੀਆਂ ਵਿੱਚ ਅਨਾਜ ਦੀ ਸਫ਼ਾਈ ਤੋਂ ਪੈਦਾ ਹੁੰਦੀ ਧੂੜ ਪਹਿਲਾਂ ਹੀ ਵਾਤਾਵਰਣ ਨੂੰ ਗੰਧਲਾ ਕਰਕੇ ਹਵਾ ਦੀ ਗੁਣਵੱਤਾ ਵਿੱਚ ਨਿਘਾਰ ਲਿਆ ਰਹੀ ਹੁੰਦੀ ਹੈ।
ਸ਼੍ਰੀ ਸੋਨੀ ਨੇ ਦੱਸਿਆ ਕਿ ਨਵੀਂ ਤਕਨੀਕ ਅਧੀਨ ਇੱਟਾਂ ਪਕਾਉਣ ਤੇ ਕੋਲੇ ਦੀ ਖਪਤ ਵੀ 2 ਕੁਇੰਟਲ ਪ੍ਰਤੀ ਇੱਕ ਲੱਖ ਇੱਟ ਘੱਟ ਹੁੰਦੀ ਹੈ। ਭੱਠਿਆਂ ਦੀਆਂ ਚਿਮਨੀਆਂ ਤੋਂ ਨਿੱਕਲਦੇ ਧੂੰਏਂ ਤੇ ਕਾਬੂ ਪਾਉਣ ਲਈ ਇੱਟਾਂ ਦੀ ਟੇਢੀ ਚਿਣਾਈ ਵਾਲੀ ਤਕਨਾਲੌਜੀ ਅਪਣਾਉਣ ਲਈ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ ਜਿਸ ਨਾਲ ਜਿੱਥੇ ਇੱਟਾਂ ਦੀ ਪਕਾਈ ਵਧੀਆ ਹੋਵੇਗੀ ਉੱਥੇ ਭੱਠਿਆਂ ਦੀ ਇੱਟਾਂ ਪਕਾਉਣ ਦੀ ਸਮਰੱਥਾ ਵਿੱਚ ਵੀ 15 ਪ੍ਰਤੀਸ਼ਤ ਵਾਧਾ ਹੋਵੇਗਾ।
ਇਸ ਸਬੰਧੀ ਗਲਬਾਤ ਕਰਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂੰ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਸ਼ੁਰੂ ਹੋਣ ਕਾਰਨ ਹੁਣ ਭੱਠੇ ਬੰਦ ਹੋਣਗੇ ਅਤੇ ਭੱਠਾ ਮਾਲਕ ਇਸ ਸਮੇਂ ਦੌਰਾਨ ਆਪਣੇ ਭੱਠਿਆਂ ਨੂੰ ਜਿੱਗ ਜੈਗ ਤਕਨਾਲੌਜੀ ਤੇ ਸਿਫ਼ਟ ਕਰਨ ਲਈ ਲੋੜੀਂਦੇ ਕਦਮ ਚੁੱਕਣਗੇ ਕਿਉਂਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਰਕਾਰ ਨੇ ਪੰਜਾਬੀਆਂ ਨੂੰ ਸਾਫ਼-ਸੁਥਰਾ ਅਤੇ ਨਰੋਆ ਵਾਤਾਵਰਣ ਪ੍ਰਦਾਨ ਕਰਨ ਦਾ ਤਹੱਈਆ ਕੀਤਾ ਹੋਈਆ ਹੈ ਅਤੇ ਹਵਾ ਦੀ ਗੁਣਵੱਤਾ ਸੁਧਾਰਨ ਲਈ ਜਿਗ ਜੈਗ ਤਕਨਾਲੌਜੀ ਤੋਂ ਬਿਨਾਂ ਕੋਈ ਵੀ ਭੱਠਾ ਪੰਜਾਬ ਵਿੱਚ ਚੱਲਣ ਨਹੀਂ ਦਿੱਤਾ ਜਾਵੇਗਾ।