ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਤੱਕ ਗੂੰਜੇਗਾ ਨਸ਼ਿਆਂ ਦਾ ਮੁੱਦਾ

ਜਗਰਾਓਂ – ਨਸ਼ਿਆਂ ਨਾਲ 10 ਦਿਨ ਤੋਂ ਲਗਾਤਾਰ ਹੋ ਰਹੀਆਂ ਮੌਤਾਂ ਕਰਕੇ ਲੋਕਾਂ ਅੰਦਰ ਸਰਕਾਰ ਤੇ ਪੁਲਸ-ਪ੍ਰਸ਼ਾਸਨ ਪ੍ਰਤੀ ਰੋਸ ਵਧ ਰਿਹਾ ਹੈ। ਜਨਤਕ ਜਥੇਬੰਦੀਆਂ ਨੇ ਪਹਿਲੀ ਤੋਂ ‘ਚਿੱਟੇ’ ਖ਼ਿਲਾਫ਼ ਕਾਲਾ ਹਫ਼ਤਾ ਮਨਾਉਣ ਦਾ ਸੱਦਾ ਦਿੱਤਾ ਹੋਇਆ ਹੈ। ਇਸ ਲਈ ਦਿੱਤੇ ਗਏ ਨਾਅਰੇ ‘ਮਰੋ ਜਾਂ ਵਿਰੋਧ ਕਰੋ’ ਦਾ ਲੋਕਾਂ ‘ਤੇ ਅਸਰ ਵੀ ਦਿਖਾਈ ਦੇਣ ਲੱਗਾ ਹੈ। ਲੋਕ ਆਪ-ਮੁਹਾਰੇ ਵੱਖ-ਵੱਖ ਸ਼ਹਿਰਾਂ ਅੰਦਰ ਇਸ ਹਫ਼ਤੇ ਦੌਰਾਨ ਰੋਸ ਮਾਰਚ, ਮੋਮਬੱਤੀ ਮਾਰਚ ਤੇ ਹੋਰ ਤਰੀਕੇ ਨਾਲ ਵਿਰੋਧ ਦਰਜ ਕਰਵਾਉਣ ਦੀ ਤਿਆਰੀ ਵਿੱਢ ਰਹੇ ਹਨ। ਇਸੇ ਦੌਰਾਨ ਇਸ ਅਤਿ ਗੰਭੀਰ ਮੁੱਦੇ ਦੀ ਪੰਜਾਬ ਵਿਧਾਨ ਸਭਾ ਤੋਂ ਲੈ ਕੇ ਲੋਕ ਸਭਾ ਤੱਕ ਗੂੰਜ ਪੈਣ ਜਾ ਰਹੀ ਹੈ। ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਸੰਸਦ ਦੇ ਸੈਸ਼ਨ ‘ਚ ਪੰਜਾਬ ‘ਚ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੇ ਨਸ਼ਿਆਂ ਦੀ ਰੋਕਥਾਮ ਦਾ ਮੁੱਦਾ ਚੁੱਕਣਗੇ। ਇਸ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਣ ਵਾਲੇ ਕਾਂਗਰਸ ਦੇ 40 ਵਿਧਾਇਕਾਂ ਨੂੰ ਵੀ ਇਹ ਆਖ ਕੇ ਉਨ੍ਹਾਂ ਨੂੰ ਹਲੂਣਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਕੈਪਟਨ ਨੂੰ ਗੁਟਕੇ ਦੀ ਚੁੱਕੀ ਸਹੁੰ ਯਾਦ ਕਰਵਾਉਣ। ਉਨ੍ਹਾਂ ਮੁੱਖ ਮੰਤਰੀ ਨੂੰ ਵੀ ਇਕ ਹਫ਼ਤੇ ਅੰਦਰ ਨਸ਼ਿਆਂ ਦਾ ਖਾਤਮਾ ਕਰਨ ਦੀ ਸਹੁੰ ਪੁਗਾਉਣ ਲਈ ਆਖਿਆ ਹੈ। ਭਗਵੰਤ ਮਾਨ ਨੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਰਾਜ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਵਿਚ ਵੀ ਇਹ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਣ ਲਈ ਕਹਿੰਦਿਆਂ ਲੋਕਾਂ ਨੂੰ ਪਾਰਟੀਬਾਜ਼ੀ ਤੇ ਨਿੱਜੀ ਗਰਜ਼ਾਂ ਤੋਂ ਉੱਪਰ ਉੱਠ ਕੇ ਮੈਦਾਨ ‘ਚ ਨਿੱਤਰਣ ਦਾ ਸੱਦਾ ਦਿੱਤਾ ਹੈ।
ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਦਾ ਕਹਿਣਾ ਸੀ ਕਿ ਉਹ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ‘ਚ ਇਹ ਮੁੱਦਾ ਚੁੱਕਣਗੇ। ਲੋਕ ਇਨਸਾਫ਼ ਪਾਰਟੀ ਦੇ ਮੁਖੀ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਇਸ ਮੁੱਦੇ ‘ਤੇ ਕਾਂਗਰਸ ਸਰਕਾਰ ਨੂੰ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਘੇਰਨ ਦੀ ਗੱਲ ਆਖੀ ਹੈ। ਇਸ ਮੁੱਦੇ ‘ਤੇ ਮੁਹਿੰਮ ਚਲਾਉਣ ਵਾਲੇ ਆਰ. ਟੀ. ਆਈ. ਕਾਰਕੁੰਨ ਪਰਵਿੰਦਰ ਸਿੰਘ ਕਿੱਤਨਾ ਨੇ ਕਿਹਾ ਕਿ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਨਸ਼ਿਆਂ ਤੋਂ ਅੱਕੇ ਲੋਕਾਂ ‘ਤੇ ‘ਮਰੋ ਜਾਂ ਵਿਰੋਧ ਕਰੋ’ ਨਾਅਰੇ ਦਾ ਅਸਰ ਦਿਖਾਈ ਦੇ ਰਿਹਾ ਹੈ। ਬੇਜ਼ਮੀਨੇ ਕਿਸਾਨ, ਮਜ਼ਦੂਰ ਕਰਜ਼ਾ ਮੁਕਤੀ ਮੋਰਚਾ ਪੰਜਾਬ ਦੇ ਕਨਵੀਨਰ ਨੇ ਵੀ ਵਿਰੋਧ ਵਾਲੇ ਹਫ਼ਤੇ ਦੌਰਾਨ ਇਕ ਦਿਨ ਜਗਰਾਓਂ ਦੇ ਕਮੇਟੀ ਪਾਰਕ ਤੋਂ ਰੋਸ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਕਾਂਗਰਸ ਨਾਲ ਸਬੰਧਤ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਦਾ ਕਹਿਣਾ ਸੀ ਕਿ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਗੰਭੀਰਤਾ ਨਾਲ ਯਤਨਸ਼ੀਲ ਹੈ ਤੇ ਇਸ ਦੇ ਸਾਰਥਕ ਸਿੱਟੇ ਵੀ ਨਿਕਲ ਰਹੇ ਹਨ।