ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਹੋਵੇਗੀ ਟ੍ਰੇਨਿੰਗ ਪਾਰਟਨਰਜ਼ ਨੂੰ ਅਦਾਇਗੀ : ਸਪਰਾ

ਪੇਂਡੂ ਖੇਤਰ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਦੀ ਲੋੜ ‘ਤੇ ਦਿੱਤਾ ਜ਼ੋਰ
ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬਣਾਈ ਜ਼ਿਲ੍ਹਾ ਕਾਰਜਕਾਰੀ ਕਮੇਟੀ (ਡੀ.ਈ.ਸੀ), ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਡੀ.ਪੀ.ਐਮ.ਯੂ) ਅਤੇ ਵੱਖ-ਵੱਖ ਟ੍ਰੇਨਿੰਗ ਪਾਰਟਨਰਜ਼ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਟਰੇਨਿੰਗ ਪਾਰਟਨਰਜ਼ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ
ਐਸ.ਏ.ਐਸ਼.ਨਗਰ – ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਜ਼ਿਲ੍ਹਾ ਐਸ.ਏ.ਐਸ਼.ਨਗਰ ਵਿੱਚ ਪੇਂਡੂ ਖੇਤਰ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਸਰਕਾਰ ਦੀਆਂ ਸਕੀਮਾਂ ਦਾ ਲਾਭ ਅਸਲ ਲੋੜਵੰਦਾਂ ਤੱਕ ਪੁੱਜ ਸਕੇ ਤੇ ਟ੍ਰੇਨਿੰਗ ਹਾਸਲ ਕਰਨ ਉਪਰੰਤ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਬਣਾਈ ਜ਼ਿਲ੍ਹਾ ਕਾਰਜਕਾਰੀ ਕਮੇਟੀ (ਡੀ.ਈ.ਸੀ), ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਡੀ.ਪੀ.ਐਮ.ਯੂ) ਅਤੇ ਵੱਖ-ਵੱਖ ਟ੍ਰੇਨਿੰਗ ਪਾਰਟਨਰਜ਼ ਦੇ ਨੁਮਾਇੰਦਿਆਂ ਦੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸਰਕਾਰੀ ਸਕੀਮਾਂ ਤਹਿਤ ਟ੍ਰੇਨਿੰਗ ਪਾਰਟਨਰਜ਼ ਨੂੰ ਸਿਖਲਾਈ ਕਰਵਾਉਣ ਸਬੰਧੀ ਕਿਸ਼ਤਾਂ ਵਿੱਚ ਅਦਾਇਗੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਕਿਸ਼ਤ ਜੋ ਕਿ ਮੁੱਖ ਤੌਰ ‘ਤੇ ਸਿਖਿਆਰਥੀਆਂ ਦੀ ਹਾਜ਼ਰੀ ‘ਤੇ ਆਧਾਰਤ ਹੁੰਦੀ ਹੈ, ਤੋਂ ਬਾਅਦ ਬਾਕੀ ਦੀਆਂ ਕਿਸ਼ਤਾਂ ਟ੍ਰੇਨਿੰਗ ਪਾਰਟਨਰਜ਼ ਦੀ ਕਾਰਗੁਜ਼ਾਰੀ ਦੇ ਆਧਾਰ ‘ਤੇ ਹੀ ਦਿੱਤੀਆਂ ਜਾਣਗੀਆਂ, ਜੇ ਕਾਰਗੁਜ਼ਾਰੀ ਤਸੱਲੀਬਖਸ਼ ਨਾ ਹੋਈ ਤਾਂ ਕਿਸ਼ਤਾਂ ਦੀ ਅਦਾਇਗੀ ਰੋਕ ਦਿੱਤੀ ਜਾਵੇਗੀ।
ਮੀਟਿੰਗ ਵਿੱਚ 15 ਟ੍ਰੇਨਿੰਗ ਪਾਰਟਨਰਜ਼ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਵੱਲੋਂ ਕਰਵਾਈ ਜਾ ਰਹੀ ਟ੍ਰੇਨਿੰਗ ਜਾਂ ਭਵਿੱਖ ਵਿਚ ਕਰਵਾਈ ਜਾਣ ਵਾਲੀ ਟ੍ਰੇਨਿੰਗ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਆਪਣੀਆਂ ਸਮੱਸਿਆਵਾਂ ਵੀ ਸਾਂਝੀਆਂ ਕੀਤੀਆਂ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੂੰ ਟ੍ਰੇਨਿੰਗ ਪਾਰਟਨਰਜ਼ ਦੀਆਂ ਸਮੱਸਿਆਵਾਂ ਫੌਰੀ ਤੌਰ ‘ਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਹੁਤੇ ਟ੍ਰੇਨਿੰਗ ਪਾਰਟਨਰਜ਼ ਵੱਲੋਂ ਸ਼ਹਿਰੀ ਖੇਤਰ ਦੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ ਜਦਕਿ ਪੇਂਡੂ ਖੇਤਰ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਪਾਰਟਨਰਜ਼ ਇਹ ਗੱਲ ਯਕੀਨੀ ਬਣਾਉਣ ਕਿ ਟ੍ਰੇਨਿੰਗ ਹਾਸਿਲ ਕਰਨ ਵਾਲਿਆਂ ਵਿੱਚ 80 ਫੀਸਦ ਦੇ ਕਰੀਬ ਪੇਂਡੂ ਖੇਤਰ ਨਾਲ ਸਬੰਧਤ ਸਿਖਿਆਰਥੀ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜ਼ਗਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ ਤੇ ਟ੍ਰੇਨਿੰਗ ਪਾਰਟਨਰਜ਼ ਜ਼ਿਲ੍ਹਾ ਰੁਜ਼ਗਾਰ ਅਫਸਰ ਕੋਲੋ ਇਹ ਸੂਚੀਆਂ ਪ੍ਰਾਪਤ ਕਰ ਕੇ ਬੇਰੁਜ਼ਗਾਰਾਂ ਨੂੰ ਟ੍ਰੇਨਿੰਗ ਦੇਣ ਤਾਂ ਜੋ ਉਹ ਆਪਣੇ ਪੈਰਾਂ ‘ਤੇ ਖੜੇ ਹੋ ਸਕਣ। ਉਨ੍ਹਾਂ ਕਿਹਾ ਕਿ ਬਹੁਤੇ ਟ੍ਰੇਨਿੰਗ ਪਾਰਟਨਰਜ਼ ਵੱਲੋਂ ਇੱਕੋ ਜਿਹੇ ਖੇਤਰਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਕਾਰਨ ਸਿਖਿਆਰਥੀਆਂ ਨੂੰ ਬਹੁਤਾ ਲਾਭ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਪਾਰਟਨਰਜ਼ ਵੱਖ-ਵੱਖ ਖੇਤਰਾਂ ਦੀ ਸਿਖਲਾਈ ਕਰਵਾਉਣ ਵੱਲ ਧਿਆਨ ਦੇਣ ਅਤੇ ਟ੍ਰੇਨਿੰਗ ਕਰਵਾਉਣ ਲਈ ਆਧੁਨਿਕ ਤਕਨੀਕਾਂ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਆਈ.ਟੀ.ਆਈ.ਪਾਸ ਕਰ ਚੁੱਕੇ ਨੌਜਵਾਨਾਂ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਜ਼ਿਲ੍ਹੇ ਵਿਚਲੀਆਂ ਆਈ.ਟੀ.ਆਈਜ਼ ਦੇ ਨੁਮਾਇੰਦਿਆਂ ਤੋਂ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਲੈਂਦੀਆਂ ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਸਥਾਨਕ ਸਨਅਤਾਂ ਨਾਲ ਤਾਲਮੇਲ ਰੱਖਿਆ ਜਾਵੇ ਤੇ ਸਨਅਤਾਂ ਦੀਆਂ ਲੋੜਾਂ ਮੁਤਾਬਿਕ ਮਿਆਰੀ ਸਿਖਲਾਈ ਦਿੱਤੀ ਜਾਵੇ ਤਾਂ ਜੋ ਸਿਖਲਾਈ ਉਪਰੰਤ ਨੋਜਵਾਨ ਰੁਜ਼ਗਾਰ ਹਾਸਿਲ ਕਰ ਸਕਣ। ਇਸ ਮੌਕੇ ਉਨ੍ਹਾਂ ਨੇ ਆਈ.ਟੀ.ਆਈਜ਼ ਦੇ ਸਿਲੇਬਸ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਡੀ.ਕੇ.ਸਾਲਦੀ, ਜ਼ਿਲ੍ਹਾ ਰੁਜ਼ਗਾਰ ਅਫਸਰ ਸ੍ਰੀਮਤੀ ਹਰਪ੍ਰੀਤ ਬਰਾੜ, ਸਹਾਇਕ ਲੇਬਰ ਕਮਿਸ਼ਨਰ ਜਤਿੰਦਰ ਸਿੰਘ, ਡੀ.ਪੀ.ਐਮ.ਯੂ ਦੇ ਬਲਾਕ ਮਿਸ਼ਨ ਮੈਨੇਜਰ ਮੁਕੇਸ਼ ਕੁਮਾਰ, ਬਲਾਕ ਥੀਮੈਟਿਕ ਮੈਨੇਜਰ ਗੁਰਪ੍ਰੀਤ ਕੌਰ ਅਤੇ ਨਿਕਿਤਾ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।