ਤੰਦਰੁਸਤ ਪੰਜਾਬ ਮਿਸ਼ਨ: ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਤੋਂ ਹੁਣ ਨਹੀਂ ਨਿਕਲੇਗਾ ਜ਼ਹਿਰੀਲਾ ਧੂੰਆਂ

ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿੱਢਿਆ ਉਪਰਾਲਾ
ਚੰਡੀਗੜ੍ਹ – ਪੰਜਾਬ ਦੇ ਦੂਜੇ ਸਭ ਤੋਂ ਵੱਡੇ ਸਨਅਤੀ ਸ਼ਹਿਰ ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਉਤੇ ਹਵਾ ਪ੍ਰਦੂਸ਼ਣ ਦੀਆਂ ਵੱਡੀਆਂ ਦੋਸ਼ੀ ਹੋਣ ਦੇ ਲਗਦੇ ਦਾਗ ਨੂੰ ਧੋਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਨੇ ਕਮਰਕੱਸੇ ਕਰ ਲਏ ਹਨ।
ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹੁਣ ਸ਼ਹਿਰ ਦੀ ਆਬੋ-ਹਵਾ ਨੂੰ ਸਾਫ਼ ਸੁਥਰਾ ਕਰਨ ਲਈ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਵੱਡੀ ਪੁਲਾਂਘ ਪੁੱਟੀ ਹੈ। ਬੋਰਡ ਨੇ ਸ਼ਹਿਰ ਵਿੱਚ ਬਿਜਲੀ ਨਾਲ ਚਲਦੀਆਂ ਢਲਾਈ ਭੱਠੀਆਂ ਦੇ ਪ੍ਰਬੰਧਕਾਂ ਨੂੰ ਹੁਣ ਪ੍ਰਦੂਸ਼ਣ ਰੋਕਣ ਲਈ ਸਖ਼ਤੀ ਨਾਲ ਆਖਿਆ ਹੈ। ਇਨ੍ਹਾਂ ਢਲਾਈ ਭੱਠੀਆਂ ਵਿੱਚ ਲੋਹਾ ਪਿਘਲਾਉਣ ਦੌਰਾਨ ਪਹਿਲਾਂ ਧੂੰਆਂ ਪ੍ਰਦੂਸ਼ਣ ਬਹੁਤ ਫੈਲਦਾ ਸੀ। ਹੁਣ ਇਸ ਧੂੰਏ ਨੂੰ ਕੈਨੋਪੀ (ਛਤਰੀਨੁਮਾ ਯੰਤਰ) ਲਾ ਕੇ ਕੰਟਰੋਲ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਧੂੰਆਂ ਕੰਟਰੋਲ ਕਰਨ ਵਾਲੇ ਉਪਕਰਨਾਂ (ਏਅਰ ਪੋਲਿਊਸ਼ਨ ਕੰਟਰੋਲ ਡਿਵਾਸਿਜ਼) ਵਿੱਚੋਂ ਲੰਘਾਇਆ ਜਾਂਦਾ ਹੈ। ਇਹ ਉਪਕਰਨ ਧੂੰਏ ਨੂੰ ਵਾਤਾਵਰਨ ਵਿੱਚ ਛੱਡਣ ਤੋਂ ਪਹਿਲਾਂ ਇਕ ਤਰ੍ਹਾਂ ਨਾਲ ਫਿਲਟਰ ਕਰ ਦਿੰਦੇ ਹਨ। ਇਸ ਮਗਰੋਂ ਹੀ ਧੂੰਏ ਨੂੰ ਹਵਾ ਵਿੱਚ ਛੱਡਿਆ ਜਾਂਦਾ ਹੈ, ਜਿਸ ਵਿੱਚ ਜ਼ਹਿਰੀਲੇ ਕਣ ਨਾਂਹ ਦੇ ਬਰਾਬਰ ਹੁੰਦੇ ਹਨ। ਬੋਰਡ ਦੀ ਇਸ ਪਹਿਲਕਦਮੀ ਨਾਲ ਸ਼ਹਿਰ ਦੇ ਵਾਤਾਵਰਨ ਵਿੱਚ ਸੁਧਾਰ ਹੋ ਰਿਹਾ ਹੈ ਅਤੇ ‘ਤੰਦਰੁਸਤ ਪੰਜਾਬ’ ਮਿਸ਼ਨ ਦੀ ਦਿਸ਼ਾ ਵਿੱਚ ਵੱਡੀ ਪਹਿਲਕਦਮੀ ਹੋਈ ਹੈ।
ਫਤਹਿਗੜ੍ਹ ਸਾਹਿਬ ਦੇ ਵਾਤਾਵਰਣ ਇੰਜਨੀਅਰ ਰਾਕੇਸ਼ ਨਈਅਰ ਨੇ ਦੱਸਿਆ ਕਿ ਢਲਾਈ ਭੱਠੀਆਂ ਦੇ ਮਾਲਕਾਂ ਨੂੰ ਇਹ ਯੰਤਰ ਲਾਉਣ ਲਈ ਸਮਾਂ ਹੱਦ ਦਿੱਤੀ ਗਈ ਸੀ। ਹੁਣ ਦੁਬਾਰਾ ਨਿਗਰਾਨੀ ਕੀਤੀ ਜਾ ਰਹੀ ਹੈ, ਜਿਹੜੀਆਂ ਭੱਠੀਆਂ ਦੇ ਪ੍ਰਬੰਧਕਾਂ ਨੇ ਇਹ ਯੰਤਰ ਨਹੀਂ ਲਵਾਏ, ਉਨ੍ਹਾਂ ਖ਼ਿਲਾਫ਼ ਸਖ਼ਤੀ ਕਰ ਕੇ ਯੰਤਰ ਲਵਾਏ ਜਾਣਗੇ ਤਾਂ ਕਿ ਪੰਜਾਬ ਦੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਇਆ ਜਾ ਸਕੇ।
ਪੀਪੀਸੀਬੀ ਦੇ ਚੇਅਰਮੈਨ ਸ੍ਰੀ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਬੋਰਡ ਵੱਲੋਂ ਮੰਡੀ ਗੋਬਿੰਦਗੜ੍ਹ ਦੀਆਂ ਢਲਾਈ ਭੱਠੀਆਂ ਦੇ ਪ੍ਰਬੰਧਕਾਂ ਨੂੰ ਨਵੀਂ ਤਕਨਾਲੋਜੀ ਅਪਨਾਉਣ ਲਈ ਪ੍ਰੇਰਿਆ ਜਾ ਰਿਹਾ ਹੈ, ਜਿਸ ਕਾਰਨ ਪ੍ਰਦੂਸ਼ਣ ਨੂੰ ਵੱਡੀ ਪੱਧਰ ਉਤੇ ਨੱਥ ਪਈ ਹੈ। ਇਸ ਤੋਂ ਇਲਾਵਾ ਬੋਰਡ ਨੇ ਸ਼ਹਿਰ ਦੀ ਆਬੋ-ਹਵਾ ਵਿੱਚੋਂ ਪ੍ਰਦੂਸ਼ਣ ਕਣ ਘਟਾਉਣ ਲਈ ਹੋਰ ਵੀ ਕਈ ਕਦਮ ਚੁੱਕੇ ਹਨ। ਬੋਰਡ ਵੱਲੋਂ ਹਵਾ ਦੀ ਗੁਣਵੱਤਾ ਉਤੇ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਨਅਤਾਂ ਦੀ ਵੀ ਬਾਕਾਇਦਾ ਜਾਂਚ ਕੀਤੀ ਜਾਂਦੀ ਹੈ। ਜਿਹੜੀ ਸਨਅਤ ਪ੍ਰਦੂਸ਼ਣ ਫੈਲਾਉਂਦੀ ਜਾਂ ਨਿਯਮਾਂ ਦੀ ਉਲੰਘਣਾ ਕਰਦੀ ਪਾਈ ਜਾਂਦੀ ਹੈ, ਉਸ ਖ਼ਿਲਾਫ਼ ਤੁਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।