ਨਮਕੀਨ ਕੰਪਨੀ ਨੇ ਪੈਕਟ ‘ਤੇ ਛਾਪੀ ਹਰਿਮੰਦਰ ਸਾਹਿਬ ਦੀ ਤਸਵੀਰ – ਸ਼੍ਰੋਮਣੀ ਕਮੇਟੀ ਨੇ ਲਿਆ ਸਖ਼ਤ ਨੋਟਿਸ

ਸ਼੍ਰੋਮਣੀ ਕਮੇਟੀ ਨੇ ਕੰਪਨੀ ਨੂੰ ਭੇਜਿਆ ਕਾਨੂੰਨੀ ਨੋਟਿਸ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਇਕ ਨਮਕੀਨ ਵੇਚਣ ਵਾਲੀ ਕੰਪਨੀ ਹਲਦੀਰਾਮ ਵੱਲੋਂ ਨਮਕੀਨ ਦੇ ਪੈਕਟ ‘ਤੇ ਲਾਏ ਜਾਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ। ਸੋਸ਼ਲ ਮੀਡੀਆ ਉਤੇ ਇਹ ਤਸਵੀਰ ਵਾਇਰਲ ਹੋਣ ਤੋਂ ਬਾਅਦ ਸਿੱਖ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ।
ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਬੰਧੀ ਗੰਭੀਰ ਨੋਟਿਸ ਲਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਲਦੀਰਾਮ ਨਮਕੀਨ ਦੇ ਪੈਕਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਦਾ ਮਾਮਲਾ ਸਾਹਮਣੇ ਆਉਣ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਆਦੇਸ਼ ‘ਤੇ ਸ਼੍ਰੋਮਣੀ ਕਮੇਟੀ ਵੱਲੋਂ ਸਬੰਧਤ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਜਾਰੀ ਇਕ ਬਿਆਨ ਰਾਹੀਂ ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦੇ ਧਾਰਮਿਕ ਕੇਂਦਰੀ ਅਸਥਾਨ ਹੋਣ ਦੇ ਨਾਲ-ਨਾਲ ਸਮੁੱਚੀ ਮਨੁੱਖਤਾ ਦੇ ਅਧਿਆਤਮਿਕ ਅਸਥਾਨ ਹਨ ਅਤੇ ਇਸ ਪਾਵਨ ਅਸਥਾਨ ਦੀ ਪਵਿੱਤਰਤਾ ਅਤੇ ਸਤਿਕਾਰ ਨੂੰ ਢਾਹ ਲਗਾਉਣ ਵਾਲੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਲਦੀਰਾਮ ਕੰਪਨੀ ਵੱਲੋਂ ਨਮਕੀਨ ਦੇ ਪੈਕਟ ‘ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਾਪਣ ਕਾਰਨ ਸਿੱਖ ਜਗਤ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬੰਧਤ ਕੰਪਨੀ ਦੀ ਇਹ ਬਿਲਕੁਲ ਗਲਤ ਕਾਰਵਾਈ ਹੈ ਜਿਸ ਲਈ ਸਬੰਧਤਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਹਲਦੀਰਾਮ ਨਮਕੀਨ ਦੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਪੈਕਟ ਬਜ਼ਾਰ ਤੋਂ ਨਾ ਖ਼ਰੀਦ ਕੇ ਇਸ ਦਾ ਸਖ਼ਤ ਵਿਰੋਧ ਕੀਤਾ ਜਾਵੇ।