ਮਾਰਕਫੈੱਡ ਤੇ ਹਿੰਦੁਸਤਾਨ ਪੈਟ੍ਰੋਲੀਅਮ ਦਰਮਿਆਨ ਸਹਿਕਾਰਤਾ ਮੰਤਰੀ ਦੀ ਮੌਜੂਦਗੀ ‘ਚ ਇਕਰਾਰਨਾਮਾ

ਸੂਬੇ ਦੇ ਕਿਸਾਨਾਂ ਨੂੰ ਉਚ ਪੱਧਰੀ ਲੁਬਰੀਕੈਂਟਸ ਮੁਹੱਈਆ ਕਰਵਾਏ ਜਾਣਗੇ: ਸਹਿਕਾਰਤਾ ਮੰਤਰੀ
ਸਹਿਕਾਰੀ ਸੁਸਾਇਟੀਆਂ ਵੱਲੋਂ ਖਾਦ ਤੇ ਕਰਜ਼ੇ ਤੋਂ ਇਲਾਵਾ ਹੋਰ ਖੇਤਰਾਂ ‘ਚ ਗਤੀਵਿਧੀਆਂ ਵਧਾਉਣ ਦੀ ਲੋੜ ਉਤੇ ਜ਼ੋਰ
ਚੰਡੀਗੜ : ਦੇਸ਼ ਦੀ ਨਾਮੀ ਪੈਟ੍ਰੋਲੀਅਮ ਕੰਪਨੀ ਹਿੰਦੁਸਤਾਨ ਪੈਟ੍ਰੋਲੀਅਮ ਅਤੇ ਏਸ਼ੀਆ ਦੀ ਸਿਰਕੱਢ ਸਹਿਕਾਰੀ ਸੰਸਥਾ, ਮਾਰਕਫੈੱਡ ਨੇ ਮਿਲ ਕੇ ਸਹਿਕਾਰਤਾ ਮੰਤਰੀ ਪੰਜਾਬ, ਸ: ਸੁਖਜਿੰਦਰ ਸਿੰਘ ਰੰਧਾਵਾ ਅਤੇ ਵਧੀਕ ਮੁੱਖ ਸਕੱਤਰ, ਸਹਿਕਾਰਤਾ, ਪੰਜਾਬ ਦੀ ਹਾਜਰੀ ਵਿੱਚ ਇੱਕ ਅਹਿਮ ਸਮਝੌਤਾ ਕਲਮਬੱਧ ਕੀਤਾ, ਜਿਸ ਰਾਹੀਂ ਇਹ ਇਕਰਾਰ ਕੀਤਾ ਗਿਆ ਕਿ ਕਿਸਾਨਾਂ ਨੂੰ ਉਹਨਾਂ ਦੀ ਮਸ਼ੀਨਰੀ ਲਈ ਲੋਂੜੀਦੇ ਵੱਖ-ਵੱਖ ਤਰਾਂ ਦੇ ਤੇਲ, ਗਰੀਸ ਅਤੇ ਹੋਰ ਲੂਬਰੀਕੈਂਟਸ ਹੁਣ ਮਾਰਕਫੈੱਡ ਅਤੇ ਹਿੰਦੁਸਤਾਨ ਪੈਟ੍ਰੋਲੀਅਮ ਦੇ ਸਾਂਝੇ ਲੋਗੋ (ਪ੍ਰਤੀਕ ਚਿੰਨ•) ਅਧੀਨ ਸਹਿਕਾਰੀ ਸਭਾਵਾਂ ਰਾਹੀਂ ਪਿੰਡਾਂ ਵਿਚੋਂ ਪਹੁੰਚਾਏ ਜਾਣਗੇ।
ਇਸ ਮੌਕੇ ਤੇ ਬੋਲਦਿਆਂ ਸਹਿਕਾਰਤਾ ਮੰਤਰੀ, ਪੰਜਾਬ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ 3500 ਤੋਂ ਵੱਧ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ ਨੈੱਟਵਰਕ ਰਾਹੀਂ ਸਹਿਕਾਰਤਾ ਵਿਭਾਗ, ਪੰਜਾਬ ਦੇ 10 ਲੱਖ ਤੋਂ ਵੱਧ ਕਿਸਾਨਾਂ ਨਾਲ ਜੁੜਿਆ ਹੋਇਆ ਹੈ ਅਤੇ ਇਹ ਉੱਚ ਮਿਆਰੀ ਲੁਬਰੀਕੈਂਟਸ ਜਦੋਂ ਵਾਜਿਬ ਰੇਟਾਂ ਤੇ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਪਹੁੰਚਣਗੇ ਤਾਂ ਕਿਸਾਨਾਂ ਨੂੰ ਸ਼ਹਿਰ ਜਾਣ ਦੀ ਜਰੂਰਤ ਨਹੀਂ ਰਹੇਗੀ ਅਤੇ ਸਹਿਕਾਰੀ ਸਭਾਵਾਂ ਨੂੰ ਮੁਨਾਫੇ ਵਿੱਚ ਲਿਆਉਣ ਲਈ ਮਾਰਕਫੈੱਡ ਦਾ ਇਹ ਉੱਦਮ ਸਹਾਈ ਹੋਵੇਗਾ।
ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਦੱਸਿਆ ਕਿ ਸਹਿਕਾਰੀ ਸਭਾਵਾਂ ਦੀ ਵਿੱਤੀ ਹਾਲਤ ਸੁਧਾਰਨ ਵਾਸਤੇ ਮਾਰਕਫੈੱਡ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਉਤਪਾਦਾਂ ਦੇ ਨਾਲ-ਨਾਲ ਹੋਰ ਵੀ ਨਾਮੀ ਕੰਪਨੀਆਂ ਦੇ ਉਤਪਾਦ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਮੁਹੱਈਆ ਕਰਾਵੇ ਤਾਂ ਜੋ ਸਭਾਵਾਂ ਦੀ ਮਾਲੀ ਹਾਲਤ ਸੁਧਰਨ ਦੇ ਨਾਲ-ਨਾਲ ਉੱਤਮ ਕਰਜੇ ਦੇ ਉਤਪਾਦ ਪਿੰਡਾਂ ਤੱਕ ਪਹੁੰਚ ਸਕਣ।
ਇਸ ਮੌਕੇ ਤੇ ਬੋਲਦਿਆਂ ਵਧੀਕ ਮੁੱਖ ਸਕੱਤਰ ਸਹਿਕਾਰਤਾ ਸ੍ਰੀ ਡੀ.ਪੀ.ਰੈਡੀ ਨੇ ਦੱਸਿਆ ਕਿ ਅਗਲੇ ਪੜਾਅ ਵਿੱਚ ਮਾਰਕਫੈੱਡ, ਹਿੰਦੁਸਤਾਨ ਪੈਟ੍ਰੋਲੀਅਮ ਦੇ ਰਿਟੇਲ ਆਉੂਟਲੈੱਟਸ ਰਾਹੀਂ ਆਪਣੇ ਖਾਣ ਵਾਲੇ ਉਤਪਾਦਾਂ ਦੀ ਵਿਕਰੀ ਬਾਰੇ ਵੀ ਸਮਝੌਤਾ ਕਰੇ, ਜਿਸ ਤੇ ਹਿੰਦੁਸਤਾਨ ਪੈਟ੍ਰੋਲੀਅਮ ਦੇ ਮੁੰਬਈ ਤੋਂ ਆਏ ਜਨਰਲ ਮੈਨੇਜਰ ਸ੍ਰੀ ਸੰਜੇ.ਐਸ. ਅਡਸੁਲ ਨੇ ਸਹਿਮਤੀ ਪ੍ਰਗਟਾਈ ਅਤੇ ਇਸ ਮੌਕੇ ਤੇ ਹਾਜਿਰ ਹਿੰਦੁਸਤਾਨ ਪੈਟ੍ਰੋਲੀਅਮ ਦੇ ਡੀ.ਜੀ.ਐਮ., ਸ੍ਰੀ ਸੁਨੀਲ ਕਾਂਤ ਨੇ ਦੱਸਿਆ 50 ਦੇ ਕਰੀਬ ਪੈਟਰੋਲ ਪੰਪ ਮਾਲਕਾਂ ਨੇ ਮਾਰਕਫੈੱਡ ਦੇ ਉਤਪਾਦ ਵੇਚਣ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇਸ ਤੇ ਵੀ ਇੱਕ ਸਮਝੌਤਾ ਕਲਮਬੱਧ ਕੀਤਾ ਜਾਵੇਗਾ।
ਇਸ ਮੌਕੇ ਤੇ ਬੋਲਦਿਆਂ ਮਾਰਕਫੈੱਡ ਦੇ ਵਧੀਕ ਪ੍ਰਬੰਧ ਨਿਰਦੇਸ਼ਕ (ਡੀ.), ਸ੍ਰੀ ਬਾਲ ਮੁਕੰਦ ਸ਼ਰਮਾ ਨੇ ਦੱਸਿਆ ਕਿ ਸਹਿਕਾਰਤਾ ਮਹਿਕਮੇ ਦੇ ਵਧੀਕ ਮੁੱਖ ਸਕੱਤਰ ਜੀ ਨੇ ਪਹਿਲਾਂ ਹੀ ਪੰਜਾਬ ਦੇ ਸਾਰੇ ਖੇਤਰੀ ਅਫਸਰਾਂ ਨੂੰ ਆਦੇਸ਼ ਜਾਰੀ ਕਰ ਦਿੱਤੇ ਹਨ ਕਿ ਸਹਿਕਾਰੀ ਸਭਾਵਾਂ ਨੂੰ ਸਿਰਫ ਖਾਦ ਅਤੇ ਕਰਜੇ ਦੀ ਵੰਡ ਤੱਕ ਹੀ ਸੀਮਿਤ ਨਹੀਂ ਰਹਿਣ ਦਿੱਤਾ ਜਾਵੇਗਾ ਬਲਕਿ ਇਹਨਾਂ ਨੂੰ ਇੱਕ ਵਪਾਰਕ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਮਾਰਕਫੈੱਡ, ਮਿਲਕਫੈੱਡ ਦੇ ਉਤਪਾਦਾਂ ਤੋਂ ਇਲਾਵਾ ਹੋਰ ਵੀ ਨਾਮੀ ਕੰਪਨੀਆਂ ਦੇ ਉਤਪਾਦ ਵਾਜਬ ਰੇਟਾਂ ਤੇ ਪਿੰਡਾਂ ਵਿੱਚ ਪਹੁੰਚ ਸਕਣ।
ਮਾਰਕਫੈੱਡ ਦੇ ਪ੍ਰਬੰਧਕ ਨਿਰਦੇਸ਼ਕ, ਸ੍ਰੀ ਰਾਹੁਲ ਤਿਵਾੜੀ ਨੇ ਮਾਰਕਫੈੱਡ ਦੇ ਜਿਲਾ ਮੈਨੇਜਰਾਂ ਅਤੇ ਸਮੂਹ ਖੇਤਰੀ ਅਫਸਰਾਂ ਨੂੰ ਡਿਪਟੀ ਰਜਿਸਟਰਾਰ ਅਤੇ ਸਹਾਇਕ ਰਜਿਸਟਰਾਰ ਦੀ ਮਦੱਦ ਲੈ ਕੇ ਟੀਚਿਆਂ ਦੀ ਪ੍ਰਾਪਤੀ ਲਈ ਸਖਤ ਹਦਾਇਤਾਂ ਕਰ ਦਿੱਤੀਆਂ ਗਈਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਦੇ ਪ੍ਰਤੱਖ ਨਤੀਜੇ ਨਜਰ ਆਉਣਗੇ।