ਬਾਲ ਟੈਂਪਰਿੰਗ ਮਾਮਲੇ ‘ਚ ਸ਼੍ਰੀਨਾਥ ਕਰੇਗਾ ਚੰਡੀਮਲ ਦੀ ਸੁਣਵਾਈ

ਨਵੀਂ ਦਿੱਲੀ – ਵੈੱਸਟਇੰਡੀਜ਼ ਅਤੇ ਸ਼੍ਰੀ ਲੰਕਾ ਵਿਚਕਾਰ ਸੇਂਟ ਲੂਸ਼ੀਆ ਵਿੱਚ ਖੇਡੇ ਗਏ ਟੈੱਸਟ ਦੌਰਾਨ ਬਾਲ ਟੈਂਪਰਿੰਗ ਦੇ ਦੋਸ਼ਾਂ ‘ਚ ਫ਼ੱਸੇ ਸ਼੍ਰੀ ਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ਨੂੰ ICC ਦੀ ਰਸਮੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ। ਹਾਲਾਂਕਿ ਚੰਡੀਮਲ ਨੇ ਖ਼ੁਦ ਨੂੰ ਬੇਕਸੂਰ ਦੱਸਿਆ ਹੈ। ਸੁਣਵਾਈ ਵੈੱਸਟਇੰਡੀਜ਼ ਖ਼ਿਲਾਫ਼ ਦੂਜਾ ਟੈੱਸਟ ਮੈਚ ਖ਼ਤਮ ਹੋਣ ਤੋਂ ਬਾਅਦ ਹੋਣੀ ਹੈ। ICC ਨੇ ਇੱਕ ਬਿਆਨ ‘ਚ ਕਿਹਾ ਕਿ ਦਿਨੇਸ਼ ਚੰਡੀਮਲ ਨੇ ਕਿਹਾ ਹੈ ਕਿ ਉਹ ICC ਦੇ ਕੋਡ ਔਫ਼ ਕੌਨਡਕਟ ਦੀ ਧਾਰਾ 2.2.9 ਦੇ ਉਲੰਘਣ ਦਾ ਦੋਸ਼ੀ ਨਹੀਂ। ਮੈਚ ਰੈਫ਼ਰੀ ਜਵਾਗਲ ਸ਼੍ਰੀਨਾਥ ਦੂਜੇ ਟੈੱਸਟ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰਨਗੇ। ਚੰਡੀਮਲ ‘ਤੇ ਬਾਲ ਟੈਂਪਰਿੰਗ ਦਾ ਇਹ ਦੋਸ਼ ਇਸ ਟੈੱਸਟ ਮੈਚ ਦੇ ਦੂਜੇ ਦਿਨ ਦੇ ਆਖ਼ਰੀ ਸੈਸ਼ਨ ਦਾ ਹੈ ਜਦੋਂ ਉਸ ਨੇ ਬਾਲ ਦੀ ਕੰਡੀਸ਼ਨ ਬਦਲਣ ਦੇ ਲਈ ਉਸ ਦੀ ਚਮਕ ਵਧਾਉਣ ਦੀ ਕੋਸ਼ਿਸ਼ ਦੌਰਾਨ ਗੇਂਦ ‘ਤੇ ਕੋਈ ਪ੍ਰਤੀਬੰਧਿਤ ਤੱਤ ਲਗਾਇਆ।
ਹਾਲੇ ਕੁੱਝ ਮਹੀਨੇ ਪਹਿਲਾਂ ਕੇਪ ਟਾਊਨ ‘ਚ ਹੋਏ ਇੱਕ ਟੈੱਸਟ ਦੌਰਾਨ ਆਸਟਰੇਲੀਆਈ ਖਿਡਾਰੀ ਬੈੱਨਕ੍ਰਾਫ਼ਟ ਵੀ ਫੱਸਿਆ ਸੀ। ਇਸ ਘਟਨਾ ਨੇ ਸਮੂਚੇ ਕ੍ਰਿਕਟ ਜਗਤ ਨੂੰ ਹਿਲਾ ਕਰ ਰੱਖ ਦਿੱਤਾ ਸੀ, ਅਤੇ ਇਸ ਤੋਂ ਬਾਅਦ ਆਸਟਰੇਲੀਆ ਦੇ ਤਤਕਾਲੀਨ ਕਪਤਾਨ ਅਤੇ ਉੱਪਕਪਤਾਨ ਸਟੀਵ ਸਮਿਥ ਅਤੇ ਡੇਵਿਡ ਵਾਰਨਰ ‘ਤੇ ਆਸਟ੍ਰੇਲੀਆ ਕ੍ਰਿਕਟ ਬੋਰਡ ਨੇ 1-1 ਸਾਲ ਦਾ ਜਦਕਿ ਬੈੱਨਕ੍ਰਾਫ਼ਟ ‘ਤੇ 9 ਮਹੀਨੇ ਦਾ ਪ੍ਰਤੀਬੰਧ ਲਗਾਇਆ ਗਿਆ ਸੀ।
ਜੇਬ੍ਹ ‘ਚ ਰੱਖੀ ਸੀ ਮਿੱਠੀ ਚੀਜ਼
ਮੈਚ ਅਧਿਕਾਰੀਆਂ ਨੇ ਸ਼ੁੱਕਰਵਾਰ ਦੇ ਖੇਡ ਦੇ ਆਖ਼ਰੀ ਸੈਸ਼ਨ ਦਾ ਰੀਪਲੇ ਦੇਖਣ ਤੋਂ ਬਾਅਦ ਚੰਡੀਮਲ ਨੂੰ ਦੋਸ਼ੀ ਠਹਿਰਾਇਆ ਸੀ। ਰੀਪਲੇ ‘ਚ ਦਿਖਿਆ ਕਿ ਦਿਨੇਸ਼ ਨੇ ਆਪਣੀ ਜੇਬ੍ਹ ‘ਚੋਂ ਕੋਈ ਮਿੱਠੀ ਚੀਜ਼ ਕੱਢੀ ਅਤੇ ਮੂੰਹ ‘ਚ ਪਾਈ। ਉਸ ਨੇ ਗੇਂਦ ‘ਤੇ ਕੁੱਝ ਨਕਲੀ ਪਦਾਰਥ ਵੀ ਲਗਾਇਆ।