ਨਵੀਂ ਦਿੱਲੀ – ਕ੍ਰਿਕਟ ‘ਚ ਆਏ ਦਿਨ ਬਾਲ ਟੈਂਪਰਿੰਗ ਦੇ ਮਾਮਲੇ ਸਾਹਮਣੇ ਆ ਜਾਂਦੇ ਹਨ। ਗੇਂਦ ਨਾਲ ਛੇੜਛਾੜ ਨੂੰ ਲੈ ਕੇ ਹੁਣ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ICC) ਹੋਰ ਸਖ਼ਤ ਰੁਖ ਅਪਣਾਉਣ ਦੀ ਤਿਆਰੀ ‘ਚ ਹੈ। ਮੰਨਿਆ ਜਾ ਰਿਹਾ ਹੈ ਕਿ ICC ਅਗਲੇ ਮਹੀਨੇ ਹੋਣ ਵਾਲੀ ਆਪਣੀ ਸਾਲਾਨਾ ਕਾਨਫ਼ਰੈਂਸ ਮੀਟਿੰਗ ‘ਚ ਬਾਲ ਟੈਂਪਰਿੰਗ ਖ਼ਿਲਾਫ਼ ਨਿਯਮ ਹੋਰ ਸਖ਼ਤ ਕਰਨ ਦੇ ਪ੍ਰਸਤਾਵ ਨੂੰ ਮਾਨਤਾ ਦੇਵੇਗੀ। ਇਨ੍ਹਾਂ ਨਵੇਂ ਨਿਯਮਾਂ ਨੂੰ ਜੇਕਰ ਮਾਨਤਾ ਮਿਲਦੀ ਹੈ ਤਾਂ ਬਾਲ ਟੈਂਪਰਿੰਗ ਲੈਵਲ 2 ਦੀ ਜਗ੍ਹਾ 3 ਦਾ ਅਪਰਾਧ ਹੋ ਜਾਵੇਗਾ ਅਤੇ ਓਦੋਂ ਖਿਡਾਰੀਆਂ ਦੀ ਸਜ਼ਾ ਮੌਜੂਦਾ ਨਿਯਮ ਤੋਂ 4 ਗੁਣਾ ਅਧਿਕ ਹੋ ਜਾਵੇਗੀ। ਯਾਨੀ ਓਦੋਂ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਗਏ ਖਿਡਾਰੀ ਨੂੰ 4 ਟੈੱਸਟ ਜਾਂ 8 ਵਨ ਡੇ ਮੈਚਾਂ ਦਾ ਬੈਨ ਸਹਿਣਾ ਹੋਵੇਗਾ। ਫ਼ਿਲਹਾਲ ਇਹ ਸਜਾ 1 ਟੈੱਸਟ ਅਤੇ 2 ਵਨ ਡੇ ਮੈਚਾਂ ਤਕ ਹੀ ਸੀਮਿਤ ਹੈ।
ਪਿੱਛਲੇ ਹਫ਼ਤੇ ਸ਼ਨੀਵਾਰ ਨੂੰ ਵੈੱਸਟ ਇੰਡੀਜ਼ ਦੇ ਖ਼ਿਲਾਫ਼ ਸੇਂਟ ਲੂਸ਼ੀਆ ‘ਚ ਖੇਡੇ ਜਾ ਰਹੇ ਟੈੱਸਟ ਮੈਚ ਦੇ ਤੀਜੇ ਦਿਨ ਬਾਲ ਟੈਂਪਰਿੰਗ ਦਾ ਦੋਸ਼ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ‘ਤੇ ਵੀ ਲੱਗਾ।
ਚੰਡੀਮਲ ਨੂੰ ਜੇਕਰ ਬਾਲ ਟੈਂਪਰਿੰਗ ‘ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਹਜੇ ਉਸ ‘ਤੇ ਲੈਵਲ 2 ਅਨੁਸਾਰ ਹੀ ਕਾਰਵਾਈ ਹੋਵੇਗੀ, ਜਿਸ ਤਹਿਤ ਉਸ ਦੇ 2 ਡਿਮੈਰਿਟ ਪੁਆਇੰਟਸ ਕੱਟ ਜਾਣਗੇ। ਇਸ ਤਹਿਤ ਉਸ ਨੂੰ 1 ਟੈੱਸਟ ਜਾਂ 2 ਵਨਡੇਜ਼ ਦਾ ਬੈਨ ਸਹਿਣਾ ਪਵੇਗਾ। ESPN ਕ੍ਰਿਕ ਇਨਫ਼ੋ ਡੌਟ ਕੌਮ ਦੀ ਇੱਕ ਰਿਪੋਰਟ ਦੀ ਮੰਨੀਏ ਤਾਂ ਨਵੇਂ ਨਿਯਮਾਂ ਨੂੰ ਜੇਕਰ ਮਾਨਤਾ ਮਿਲ ਜਾਂਦੀ ਹੈ ਤਾਂ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਜਾਣ ਵਾਲੇ ਖਿਡਾਰੀ ਦੇ 4 ਤੋਂ ਲੈ ਕੇ 8 ਸਸਪੈਂਸ਼ਨ ਅੰਕ ਕੱਟੇ ਜਾਣਗੇ।