ਆਸਟਰੇਲੀਆ 34 ਸਾਲਾਂ ‘ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ ‘ਤੇ

ਦੁਬਈ – ਆਸਟਰੇਲੀਆਈ ਟੀਮ ਇੰਗਲੈਂਡ ਤੋਂ ਪਹਿਲੇ ਦੋ ਵਨ ਡੇ ਹਾਰ ਜਾਣ ਤੋਂ ਬਾਅਦ ICC ਵਨ ਡੇ ਰੈਂਕਿੰਗ ਵਿੱਚ ਪਿਛਲੇ 34 ਸਾਲਾਂ ‘ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ ‘ਤੇ ਖਿਸਕ ਗਈ ਹੈ।
ਆਸਟਰੇਲੀਆ ਆਪਣੀਆਂ ਲਗਾਤਾਰ ਹਾਰਾਂ ਤੋਂ ਬਾਅਦ ਹੁਣ ਵਿਸ਼ਵ ਵਿੱਚ ਛੇਵੇਂ ਸਥਾਨ ‘ਤੇ ਖਿਸਕ ਗਿਆ ਹੈ, ਅਤੇ ਉਸ ਨੂੰ ਹੁਣ ਬਾਕੀ ਬਚੇ ਤਿੰਨ ਮੈਚਾਂ ਵਿੱਚੋਂ ਘੱਟ ਤੋਂ ਘੱਟ ਇੱਕ ਜਿੱਤਣਾ ਪਵੇਗਾ ਤਾਂ ਕਿ ਉਹ ਰੈਂਕਿੰਗ ਵਿੱਚ ਪਾਕਿਸਤਾਨ ਤੋਂ ਉੱਪਰ ਪੰਜਵੇਂ ਸਥਾਨ ‘ਤੇ ਆ ਸਕੇ।
ਆਸਟਰੇਲੀਆ ਇਸ ਤੋਂ ਪਹਿਲਾਂ ਜਨਵਰੀ 1984 ‘ਚ ਛੇਵੇਂ ਸਥਾਨ ‘ਤੇ ਆਇਆ ਸੀ। ਆਸਟਰੇਲੀਆ ਦੀ ਰੈਂਕਿੰਗ ਤੋਂ ਪ੍ਰਦਰਸ਼ਨ ‘ਚ ਉਸ ਦੀ ਗਿਰਾਵਟ ਦਾ ਪਤਾ ਲੱਗਦਾ ਹੈ। ਆਸਟਰੇਲੀਆਈ ਟੀਮ ਜਨਵਰੀ 2017 ਵਿੱਚ ਪਾਕਿਸਤਾਨ ਨੂੰ ਘਰੇਲੂ ਸੀਰੀਜ਼ ਵਿੱਚ ਹਰਾਉਣ ਤੋਂ ਬਾਅਦ ਵਨ ਡੇ ਰੈਂਕਿੰਗ ‘ਚ ਗਿਰਾਵਟ ਝੱਲ ਰਹੀ ਹੈ।
ਇਸ ਦੌਰਾਨ, ਆਸਟਰੇਲੀਆ ਨੇ 15 ਵਨ ਡੇ ਮੈਚਾਂ ‘ਚੋਂ 13 ਗੁਆਏ ਹਨ ਜਿਨ੍ਹਾਂ ਵਿੱਚ ਨਿਊ ਜ਼ੀਲੈਂਡ, ਭਾਰਤ ਅਤੇ ਇੰਗਲੈਂਡ ਵਿਰੁੱਧ ਲਗਾਤਾਰ ਦੋ-ਪੱਖੀ ਸੀਰੀਜ਼ ਹਾਰਾਂ ਸ਼ਾਮਿਲ ਹਨ। ਆਸਟਰੇਲੀਆ ਇਸ ਤੋਂ ਇਲਾਵਾ ਚੈਂਪੀਅਨਜ਼ ਟਰਾਫ਼ੀ ‘ਚ ਗਰੁੱਪ ਗੇੜ ‘ਚੋਂ ਬਾਹਰ ਹੋ ਗਿਆ ਸੀ।