‘ਆਪ’ ਵਿਧਾਇਕ ਅਮਰਜੀਤ ਸੰਦੋਆ ’ਤੇ ਮਾਈਨਿੰਗ ਮਾਫੀਆ ਵਲੋਂ ਹਮਲਾ

ਚੰਡੀਗੜ – ਰੂਪਨਗਰ ਤੋਂ ਆਮ ਆਦਮੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਤੇ ਅੱਜ ਮਾਈਨਿੰਗ ਮਾਫੀਆ ਵਲੋਂ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿਚ ਉਹ ਜ਼ਖਮੀ ਹੋ ਗਏ ਤੇ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਾਇਆ ਗਿਆ ਹੈ।
ਵਿਧਾਇਕ ਅਮਰਜੀਤ ਸਿੰਘ ਸੰਦੋਆ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਚ ਅੱਜ ਨਾਜਾਇਜ਼ ਮਾਈਨਿੰਗ ਤੇ ਛਾਪਾ ਮਾਰਨ ਗਏ ਸਨ, ਜਿਸ ਤੇ ਮਾਈਨਿੰਗ ਮਾਫੀਆ ਵਲੋਂ ਉਹਨਾਂ ਉਤੇ ਹਮਲਾ ਕਰ ਦਿੱਤਾ।
ਸ. ਸੰਦੋਆ ਨੇ ਕਿਹਾ ਕਿ ਉਹ ਹਰਸਾ ਬੇਲਾ ਖੰਡ ਵਿਚ ਨਾਜਾਇਜ਼ ਮਾਈਨਿੰਗ ਦਾ ਜਾਇਜ਼ਾ ਲੈਣ ਗਏ ਸਨ। ਇਸ ਦੌਰਾਨ ਉਹਨਾਂ ਨਾਲ ਕੁੱਟ-ਮਾਰ ਕੀਤੀ ਗਈ ਤੇ ਉਹਨਾਂ ਦੇ ਕੱਪੜੇ ਵੀ ਫਾੜ ਦਿੱਤੇ। ਇਸ ਹਮਲੇ ਵਿਚ ਉਹਨਾਂ ਦੇ ਗੰਨਮੈਨ ਵੀ ਜ਼ਖਮੀ ਹੋ ਗਏ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਮੋਹਾਲੀ ਦੇ ਪਿੰਡ ਸਿਉਂਕ ਵਿਖੇ ਮਾਈਨਿੰਗ ਮਾਫੀਆ ਵਲੋਂ ਵਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਉਤੇ ਹਮਲਾ ਕਰ ਦਿੱਤਾ ਸੀ। ਜਿਸ ਵਿਚ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ।
ਮੋਹਾਲੀ ਪੁਲਿਸ ਨੇ ਇਸ ਮਾਮਲੇ ਵਿਚ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।