ਮੁੱਖ ਮੰਤਰੀ ਵੱਲੋਂ ਪੱਤਰਕਾਰ ਮੁਨੀਸ਼ ਨਾਗਰ ਦੇ ਇਲਾਜ ਲਈ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਵਾਨ

ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਨੇ ਪੀ.ਜੀ.ਆਈ. ਵਿਖੇ ਪਰਿਵਾਰ ਨੂੰ ਚੈੱਕ ਸੌਂਪਿਆ
ਚੰਡੀਗੜ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ ‘ਤੇ ਉਨਾਂ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ-ਕਮ-ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਨੇ ਅੱਜ ਪੰਜਾਬ ਕੇਸਰੀ ਟੀ.ਵੀ. ਦੇ ਸੀਨੀਅਰ ਪੱਤਰਕਾਰ ਮੁਨੀਸ਼ ਨਾਗਰ ਜੋ ਪੀ.ਜੀ.ਆਈ. ਦੇ ਐਡਵਾਂਸਡ ਟਰੌਮਾ ਸੈਂਟਰ ਵਿਖੇ ਜੇਰੇ ਇਲਾਜ ਹਨ, ਨੂੰ ਮਾਲੀ ਇਮਦਾਦ ਵਜੋਂ ਇੱਕ ਲੱਖ ਰੁਪਏ ਦਾ ਚੈੱਕ ਸੌਂਪਿਆ। ਪਿਛਲੇ ਹਫ਼ਤੇ ਵਾਪਰੇ ਇਕ ਸੜਕ ਹਾਦਸੇ ਵਿੱਚ ਸ੍ਰੀ ਨਾਗਰ ਦੇ ਸਿਰ ਅਤੇ ਰੀੜ• ਦੀ ਹੱਡੀ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਸ੍ਰੀ ਨਾਗਰ ਦੀ ਤਰਫੋਂ ਉਨਾ ਦੇ ਪਰਿਵਾਰ ਦੇ ਮੈਂਬਰ ਨੇ ਚੈੱਕ ਹਾਸਲ ਕੀਤਾ।
ਅੱਜ ਦੁਪਹਿਰ ਪੀ.ਜੀ.ਆਈ. ਵਿਖੇ ਮੁਨੀਸ਼ ਨਾਗਰ ਦੀ ਸਿਹਤ ਦਾ ਹਾਲ-ਚਾਲ ਜਾਣਨ ਤੋਂ ਬਾਅਦ ਲੋਕ ਸੰਪਰਕ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਜੇਰੇ ਇਲਾਜ ਪੱਤਰਕਾਰ ਦੇ ਪਰਿਵਾਰ ਦੀ ਸਹਾਇਤਾ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ ਵਿੱਤੀ ਸਹਾਇਤਾ ਦੇਣ ਦੀ ਪ੍ਰਵਾਨਗੀ ਦਿੱਤੀ ਹੈ।
ਸ੍ਰੀ ਨਾਗਰ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ ਨੇ ਪਰਿਵਾਰ ਨੂੰ ਸੰਕਟ ਦੀ ਇਸ ਘੜੀ ਵਿੱਚ ਸਰਕਾਰ ਤਰਫੋਂ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਨੇ ਦੱਸਿਆ ਕਿ ਸਰਕਾਰ ਵੱਲੋਂ ਮੀਡੀਆ ਨੀਤੀ ਵਿੱਚ ਇਸ ਸਬੰਧ ‘ਚ ਕਈ ਕਦਮ ਚੁੱਕੇ ਗਏ ਹਨ।