ਅੰਮ੍ਰਿਤਸਰ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਦਦ ਮੁਹੱਈਆ ਕਰਵਾਉਣ ਲਈ ਆਖਿਆ
ਚੰਡੀਗੜ – ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਦਿੱਲੀ ਪਰਤਣ ਮੌਕੇ ਵਾਪਰੇ ਸੜਕ ਹਾਦਸੇ ਵਿੱਚ 7 ਵਿਅਕਤੀਆਂ ਦੀ ਮੌਤ ਹੋ ਜਾਣ ‘ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ।
ਮੁੱਖ ਮੰਤਰੀ ਨੇ ਜ਼ਿਲੇ ਪ੍ਰਸ਼ਾਸਨ ਨੂੰ ਇਸ ਭਿਆਨਕ ਸੜਕ ਹਾਦਸੇ ਵਿੱਚ ਬਚ ਜਾਣ ਵਾਲੇ ਬੱਚੇ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਲਈ ਆਖਿਆ। ਇਹ ਹਾਦਸਾ ਅੰਮ੍ਰਿਤਸਰ ਜ਼ਿਲੇ ਵਿੱਚ ਖਿਲਚੀਆਂ ਵਿਖੇ ਵਾਹਨ ਦੀ ਇਕ ਸਟੇਸ਼ਨਰੀ ਵਾਲੇ ਟਰੱਕ ਨਾਲ ਜ਼ੋਰਦਾਰ ਟੱਕਰ ਹੋਣ ਨਾਲ ਵਾਪਰਿਆ।
ਮੁੱਖ ਮੰਤਰੀ ਨੇ ਕਿਹਾ ਟ੍ਰੈਫਿਕ ਪੁਲਿਸ ਨੂੰ ਵੀ ਹਦਾਇਤ ਕੀਤੀ ਕਿ ਕੌਮੀ ਅਤੇ ਰਾਜ ਮਾਰਗਾਂ ‘ਤੇ ਸਪੀਡ ਲਿਮਟ ਸਮੇਤ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਹਰ ਵੇਲੇ ਸਖ਼ਤ ਨਿਗਰਾਨੀ ਰੱਖੀ ਜਾਵੇ ਤਾਂ ਕਿ ਯਾਤਰੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।