ਸ੍ਰੀ ਮੁਕਤਸਰ ਸਾਹਿਬ – ਪਿਛਲੇ 4-5 ਦਿਨਾਂ ਤੋਂ ਅਸਮਾਨ ‘ਚ ਛਾਈ ਧੂੜ-ਮਿੱਟੀ ਨੇ ਜਿੱਥੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ ਉੱਥੇ ਹੀ ਹਰ ਪਾਸੇ ਉੱਡ ਰਹੀ ਮਿੱਟੀ ਦੇ ਕਾਰਨ ਲੋਕਾਂ ਨੂੰ ਖਾਸ ਕਰਕੇ ਮਰੀਜ਼ਾਂ ਨੂੰ ਸਾਹ ਲੈਣ ‘ਚ ਪ੍ਰੇਸ਼ਾਨੀ ਹੋ ਰਹੀ ਸੀ। ਅਜਿਹੇ ਮੌਸਮ ਦੇ ਚਲਦਿਆਂ ਦਿਨ ਅਤੇ ਰਾਤ ਦੇ ਅੰਤਰ ਦਾ ਵੀ ਪਤਾ ਨਹੀਂ ਸੀ ਚੱਲ ਰਿਹਾ। ਇਸ ਮੌਸਮ ਦੇ ਕਾਰਨ ਘਰੇਲੂ ਔਰਤਾਂ ਨੂੰ ਘਰਾਂ ਦੀਆਂ ਸਫ਼ਾਈਆਂ ਨੂੰ ਲੈ ਕੇ ਕਾਫ਼ੀ ਜਦੋ-ਜਹਿਦ ਕਰਨੀ ਪੈ ਰਹੀ ਸੀ।
ਅੱਜ ਸਵੇਰੇ ਅਸਮਾਨ ‘ਚ ਛਾਈਆਂ ਕਾਲੀਆਂ ਘਟਾਵਾਂ ਤੋਂ ਬਾਅਦ ਇਕਦਮ ਤੇਜ਼ ਰਫ਼ਤਾਰ ਨਾਲ ਸ਼ੁਰੂ ਹੋਈ ਬਾਰਿਸ਼ ਨੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਅਤੇ ਧੂੜ-ਮਿੱਟੀ ਤੋਂ ਲੋਕਾਂ ਨੂੰ ਭਾਰੀ ਰਾਹਤ ਦਿਵਾਈ ਉੱਥੇ ਹੀ ਸ਼ਹਿਰ ਦੇ ਨੀਂਵੇ ਬਾਜ਼ਾਰਾਂ ਅਤੇ ਗਲੀਆਂ ‘ਚ ਭਰੇ ਪਾਣੀ ਨੇ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਵਿਕਾਸ ਦੇ ਦਾਅਵੇ ਦੀ ਪੋਲ ਖੋਲ ਦਿੱਤੀ। ਬਾਰਿਸ਼ ਦਾ ਇਹ ਪਾਣੀ ਸ਼ਹਿਰ ਦੇ ਸ਼ੇਰ ਸਿੰਘ ਚੌਂਕ, ਕੋਟਲਾ ਬਾਜ਼ਾਰ, ਗਾਂਧੀ ਚੌਂਕ, ਸਦਰ ਬਾਜ਼ਾਰ, ਰਾਮਬਾੜਾ ਬਾਜ਼ਾਰ, ਹਕੀਮਾਂ ਵਾਲੀ ਗਲੀ, ਸ਼ਾਮ ਨਰਸ ਵਾਲੀ ਗਲੀ ਆਦਿ ‘ਚ ਬਾਰਿਸ਼ ਦਾ ਪਾਣੀ ਭਰ ਗਿਆ। ਐਤਵਾਰ ਦੀ ਇਸ ਬਾਰਿਸ਼ ‘ਚ ਜਿੱਥੇ ਬੱਚੇ ਮਸਤੀ ਕਰਦੇ ਨਜ਼ਰ ਆਏ ਉੱਥੇ ਹੀ ਲੋਕਾਂ ਲਈ ਗਰਮੀ ਤੋਂ ਰਾਹਤ ਬਣ ਕੇ ਆਇਆ ਮੀਂਹ ਆਫ਼ਤ ਬਣ ਗਿਆ।
ਇਸ ਸਬੰਧੀ ਸ਼ਹਿਰ ਨਿਵਾਸੀਆਂ ਨੇ ਕਿਹਾ ਕਿ ਮਾਨਸੂਨ ਤੋਂ ਪਹਿਲਾ ਹੋਈ ਇਸ ਬਾਰਿਸ਼ ਨੇ ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਦੇ ਵਿਕਾਸ ਦੇ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ ਤਾਂ ਆਉਣ ਵਾਲੇ ਬਾਰਸਾਤ ਦੇ ਮੌਸਮ ‘ਚ ਸ਼ਹਿਰ ਦਾ ਕੀ ਹਾਲ ਹੋਵੇਗਾ।