ਨਕੋਦਰ — ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ, ਸਿੱਖ ਪੰਥ ਦੇ ਨਿਧੜਕ ਜਰਨੈਲ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬਜ਼ੁਰਗ ਆਗੂ, ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਜਥੇ. ਕੁਲਦੀਪ ਸਿੰਘ ਵਡਾਲਾ ਜਿਨ੍ਹਾਂ ਦਾ 5 ਜੂਨ ਨੂੰ ਦਿਹਾਂਤ ਹੋ ਗਿਆ ਸੀ, ਉਨ੍ਹਾਂ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਸ਼ਨੀਵਾਰ ਪਿੰਡ ਵਡਾਲਾ (ਜਲੰਧਰ) ਵਿਖੇ ਹੋਈ। ਵਿਸ਼ਾਲ ਪੰਡਾਲ ‘ਚ ਭਾਈ ਜਗਦੀਪ ਸਿੰਘ ਨੇ ਵੈਰਾਗਮਈ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਆਏ ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਉਪਰੰਤ ਸਾਬਕਾ ਜਥੇ. ਭਾਈ ਜਸਵੀਰ ਸਿੰਘ ਖਾਲਸਾ ਵੱਲੋਂ ਹੁਕਮਨਾਮਾ ਲੈਣ ਉਪਰੰਤ ਸ਼ਰਧਾਂਜਲੀ ਸਮਾਰੋਹ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਰ ਇਨਸਾਨ ਕਿਸੇ ਇਕ ਖੇਤਰ ‘ਚ ਸ਼ੋਭਾ ਖੱਟਦਾ ਹੈ। ਕੋਈ ਧਾਰਮਿਕ, ਕੋਈ ਸਮਾਜਿਕ ਤੇ ਕੋਈ ਸਿਆਸੀ ਤੌਰ ‘ਤੇ ਪਰ ਜਥੇ. ਕੁਲਦੀਪ ਸਿੰਘ ਵਡਾਲਾ ਸਾਹਿਬ ਵਿਚ ਜਿੱਥੇ ਤਿੰਨੋਂ ਖੇਤਰਾਂ (ਧਾਰਮਿਕ, ਸਮਾਜਿਕ ਤੇ ਸਿਆਸੀ ਮੁਹਾਰਤ) ਦੇ ਧਾਰਨੀ ਸਨ, ਉਥੇ ਹੀ ਅਕਾਲੀ ਦਲ ਅਤੇ ਪੰਥਕ ਰਾਜਨੀਤੀ ਦੇ ਨਿਧੜਕ ਜਰਨੈਲ ਸਨ। ਉਨ੍ਹਾਂ ਵੱਲੋਂ ਹਮੇਸ਼ਾ ਦੇਸ਼, ਪੰਜਾਬ ਅਤੇ ਸਿੱਖ ਕੌਮ ਲਈ ਕੀਤੇ ਗਏ ਸੰਘਰਸ਼ ਅਤੇ ਧਾਰਮਿਕ ਖੇਤਰ ‘ਚ ਰਾਵੀ ਪਾਰ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਲਾਂਘੇ ਲਈ ਕੀਤੀਆਂ ਗਈਆਂ ਅਣਥੱਕ ਕੋਸ਼ਿਸ਼ਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਵਡਾਲਾ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਬਹੁਤ ਪੁਰਾਣਾ ਰਿਸ਼ਤਾ ਹੈ ਅਤੇ ਜਥੇ. ਵਡਾਲਾ ਮੇਰੇ ਪਿਤਾ ਸ. ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਪੁਰਾਣੇ ਸਾਥੀ ਸਨ। ਜਥੇ. ਵਡਾਲਾ ਨੇ ਪਾਰਟੀ ਅਤੇ ਸ. ਬਾਦਲ ਦਾ ਔਖੇ ਸਮੇਂ ‘ਚ ਹਮੇਸ਼ਾ ਸਾਥ ਦਿੱਤਾ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਅਕਾਲੀ ਦਲ, ਬਾਦਲ ਤੇ ਵਡਾਲਾ ਪਰਿਵਾਰ ਦੇ ਨਾਲ-ਨਾਲ ਹੋਰ ਵਿੱਦਿਅਕ ਤੇ ਧਾਰਮਿਕ ਸੰਸਥਾਵਾਂ ਨੂੰ ਵੱਡਾ ਧੱਕਾ ਲੱਗਾ ਹੈ ਕਿਉਂਕਿ ਧਾਰਮਿਕ, ਸਮਾਜਿਕ ਅਤੇ ਸਿਆਸੀ ਖੇਤਰ ‘ਚ ਵਡਾਲਾ ਸਾਹਿਬ ਦਾ ਕੱਦ ਬਹੁਤ ਵੱਡਾ ਸੀ।
ਇਸ ਮੌਕੇ ਬੀਬੀ ਜਗੀਰ ਕੌਰ, ਬਲਵੰਤ ਸਿੰਘ ਰਾਮੂਵਾਲੀਆ ਸਾਬਕਾ ਕੇਂਦਰੀ ਮੰਤਰੀ, ਜਗਮੀਤ ਸਿੰਘ ਬਰਾੜ ਸਾਬਕਾ ਐੱਮ. ਪੀ., ਚਰਨਜੀਤ ਸਿੰਘ ਅਟਵਾਲ ਸਾਬਕਾ ਸਪੀਕਰ, ਭਾਈ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਪ੍ਰਬੰਧਕ ਕਮੇਟੀ, ਰਾਣਾ ਗੁਰਜੀਤ ਸਿੰਘ ਵਿਧਾਇਕ, ਭਾਜਪਾ ਆਗੂ ਹੰਸ ਰਾਜ ਹੰਸ, ਬਿਕਰਮਜੀਤ ਸਿੰਘ ਮਜੀਠੀਆ ਅਤੇ ਵਡਾਲਾ ਸਾਹਿਬ ਦੇ ਸਾਥੀ ਰਣਜੀਤ ਸਿੰਘ ਬ੍ਰਹਮਪੁਰਾ ਨੇ ਜਥੇ. ਕੁਲਦੀਪ ਸਿੰਘ ਵਡਾਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਇਸ ਮੌਕੇ ਹਲਕਾ ਵਿਧਾਇਕ ਨਕੋਦਰ ਗੁਰਪ੍ਰਤਾਪ ਸਿੰਘ ਵਡਾਲਾ, ਆਗਿਆਕਾਰ ਸਿੰਘ, ਤੇਜਿੰਦਰ ਸਿੰਘ, ਜਗਦੀਪ ਸਿੰਘ ਅਤੇ ਵਡਾਲਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ‘ਚ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ, ਰਣਜੀਤ ਸਿੰਘ ਛੱਜਲਵੱਡੀ ਸਾਬਕਾ ਮੰਤਰੀ, ਮਹੇਸ਼ਇੰਦਰ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਵਿਧਾਇਕ ਪ੍ਰਗਟ ਸਿੰਘ, ਗੁਰਦੇਵ ਸਿੰਘ ਲਾਡੀ ਵਿਧਾਇਕ ਸ਼ਾਹਕੋਟ ਆਦਿ ਅਤੇ ਇਲਾਕੇ ਦੀਆਂ ਧਾਰਮਿਕ, ਸਮਾਜਿਕ ਸ਼ਖਸੀਅਤਾਂ ਤੋਂ ਇਲਾਵਾ ਰਿਸ਼ਤੇਦਾਰ ਹਾਜ਼ਰ ਸਨ।