ਘੱਟ ਕੀਮਤ ‘ਤੇ ਬਿਜਲੀ ਮੁਹੱਇਆ ਕਰਵਾ ਰਹੀ ਹੈ ਰੂਫ਼ ਟਾਪ ਸੋਲਰ ਪ੍ਰਣਾਲੀ
1 ਕਿਲੋਵਾਟ ਤੋਂ ਇੱਕ ਮੈਗਾਵਾਟ ਤੱਕ ਬਿਜਲੀ ਪੈਦਾ ਕਰ ਸਕਦਾ ਹੈ ਰੂਫ਼ ਟਾਪ ਸੋਲਰ ਸਿਸਟਮ
ਚੰਡੀਗੜ : ਲੋਕਾਂ ਨੂੰ ਸਸਤੀ ਬਿਜਲੀ ਮੁਹੱਇਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਐਨਰਜੀ ਡਿਵਲਪਮੈਂਟ ਏਜੰਸੀ ਦੇ ਵੱਲੋਂ ਬਹੁਤ ਬਿਹਤਰੀਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵਿਭਾਗ ਵੱਲੋਂ ਰੂਫ਼ ਟਾਪ ਨੈੱਟ ਮੀਟਰਿੰਗ ਸੋਲਰ ਪ੍ਰਣਾਲੀ ਚਲਾਈ ਜਾ ਰਹੀ ਹੈ ਜਿਸਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਰੂਫ਼ ਟਾਪ ਨੈੱਟ ਮੀਟਰਿੰਗ ਸੋਲਰ ਪ੍ਰਣਾਲੀ ਅਜਿਹਾ ਹੱਲ ਹੈ ਜਿਸ ਨਾਲ ਅਸੀਂ ਜ਼ਰੂਰਤ ਮੁਤਾਬਕ ਬਿਜਲੀ ਦਾ ਪ੍ਰਯੋਗ ਕਰ ਸਕਦੇ ਹਾਂ ਜਿਸ ਨਾਲ ਬਿਜਲੀ ਦੇ ਬਿੱਲ ਵਿੱਚ ਭਾਰੀ ਕਮੀ ਆ ਜਾਂਦੀ ਹੈ। ਰੂਫ਼ ਟਾਪ ਸੋਲਰ ਪ੍ਰਣਾਲੀ ਉਪਭੋਗਤਾ ਦੀ ਛੱਤ ਜਾਂ ਖਾਲੀ ਥਾਂ ਤੇ ਲੱਗਣ ਵਾਲਾ ਸੋਲਰ ਫੋਟੋਵਾਲਟਿਕ ਪਾਵਰ ਸਿਸਟਮ ਹੈ ਜਿਹੜਾ ਸੂਰਜ ਦੀ ਰੌਸ਼ਨੀ ਤੋਂ ਬਿਜਲੀ ਪੈਦਾ ਕਰਦਾ ਹੈ। ਪੰਜਾਬ ਵਿੱਚ ਰੂਫ਼ ਟਾਪ ਸੋਲਰ ਪਾਵਰ ਜਨਰੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਨੈੱਟ ਮੀਟਰਿੰਗ ਅਤੇ ਟੈਕਨੀਕਲ ਸਟੈਂਡਰਡ ਪਾਲਿਸੀ 2014 ਵਿੱਚ ਜਾਰੀ ਕੀਤੀ ਗਈ ਸੀ।
ਉਨਾਂ ਦੱਸਿਆ ਕਿ ਇਸ ਸਕੀਮ ਦੇ ਅਧੀਨ 2017 ਤੋਂ ਹੁਣ ਤੱਕ 250 ਦੇ ਕਰੀਬ ਲਾਭਪਾਤਰੀ ਅਤੇ ਹੁਣ ਤੱਕ ਕੁੱਲ 1105 ਲਾਭਪਾਤਰੀ 24075 ਕਿਲੋਵਾਟ ਦੇ ਰੂਫ਼ ਟਾਪ ਸੋਲਰ ਪਲਾਂਟ ਲਗਾ ਚੁੱਕੇ ਹਨ। ਲਗਭਗ 3000 ਕਿਲੋਵਾਟ ਦੇ ਰੂਫ਼ ਟਾਪ ਸੋਲਰ ਪਲਾਂਟ ਹਜੇ ਨਿਰਮਾਣ ਅਧੀਨ ਹਨ। ਜੇਕਰ ਸੋਲਰ ਪਲਾਂਟ 80 ਫੀਸਦੀ ਸੈਂਕਸ਼ਨ ਲੋਡ ਦੇ ਹਿਸਾਬ ਨਾਲ ਲਗਾਇਆ ਗਿਆ ਹੈ ਤਾਂ ਉਪਭੋਗਤਾ ਦਾ ਬਿਜਲੀ ਬਿੱਲ 80 ਫੀਸਦੀ ਤੱਕ ਘੱਟ ਹੋ ਜਾਂਦਾ ਹੈ।
ਸ੍ਰੀ ਕਾਂਗੜ ਨੇ ਕਿਹਾ ਕਿ ਸੋਲਰ ਊਰਜਾ ਉੱਨਤੀ ਦਾ ਪ੍ਰਮੁੱਖ ਸ੍ਰੋਤ ਹੈ। ਆਬਾਦੀ, ਸਨਅੱਤ, ਵਪਾਰ ਦੇ ਵਧਣ ਨਾਲ ਊਰਜਾ ਦੀ ਜ਼ਰੂਰਤ ਹਰ ਦਿਨ ਵੱਧ ਰਹੀ ਹੈ। ਇਸਦੇ ਨਾਲ ਹੀ ਊਰਜਾ ਦੇ ਸਾਧਨ ਜਿਵੇਂ ਕਿ ਡੀਜ਼ਲ, ਕੋਲਾ ਤੇ ਪੈਟਰੋਲ ਬੜੀ ਤੇਜ਼ੀ ਨਾਲ ਘੱਟ ਹੋ ਰਹੇ ਹਨ ਅਤੇ ਜ਼ਿਆਦਾ ਸਮੇਂ ਦੇ ਲਈ ਇਹ ਊਰਜਾ ਦੀ ਜ਼ਰੂਰਤ ਪੂਰੀ ਨਹੀਂ ਕਰ ਸਕਣਗੇ। ਵਧਦੀ ਹੋਈ ਊਰਜਾ ਦੀ ਜ਼ਰੂਰਤ ਨੂੰ ਪੂਰੀ ਕਰਨ ਲਈ ਸਾਨੂੰ ਨਵੇਂ ਅਤੇ ਨਵਿਆਉਣਯੋਗ ਤਰੀਕੇ ਅਪਣਾਉਣੇ ਹੋਣਗੇ। ਇਸ ਕਾਰਨ ਅੱਜ ਦੇ ਸਮੇਂ ਸਾਨੂੰ ਸੋਲਰ ਊਰਜਾ ਦਾ ਪੂਰਾ ਪ੍ਰਯੋਗ ਕਰਨਾ ਚਾਹੀਦਾ ਹੈ।
ਉਨਾਂ ਦੱਸਿਆ ਕਿ ਉਪਭੋਗਤਾ ਖਾਲੀ ਥਾਂ, ਘਰ ਦੀ ਛੱਤ, ਫੈਕਟਰੀਆਂ, ਸਰਕਾਰੀ, ਅਰਧ-ਸਰਕਾਰੀ, ਲੋਕਲ ਬਾਡੀ ਦਫ਼ਤਰਾਂ, ਇੰਸਟੀਚਿਊਟਾਂ, ਘਰੇਲੂ ਕੰਪਲੈਕਸ ਆਦਿ ‘ਤੇ ਸੋਲਰ ਊਰਜਾ ਦੇ 1 ਕਿਲੋਵਾਟ ਤੋਂ ਲੈ ਕੇ 1 ਮੈਗਾਵਾਟ (ਏ.ਸੀ. ਸਾਈਡ) ਬੈਟਰੀ ਦੇ ਨਾਲ ਬਿਨਾਂ ਬੈਟਰੀ ਵਾਲੇ ਪਲਾਂਟ ਸਥਾਪਿਤ ਕਰ ਸਕਦੇ ਹਨ। ਇਸ ਸਿਸਟਮ ਦੇ ਮੁਤਾਬਕ ਉਪਭੋਗਤਾ ਸੋਲਰ ਊਰਜਾ ਦਾ ਨਿੱਜੀ ਉਪਯੋਗ ਕਰ ਸਕਦਾ ਹੈ ਅਤੇ ਵਾਧੂ ਬਿਜਲੀ ਪੀ.ਐਸ.ਪੀ.ਸੀ.ਐਲ. ਦੇ ਗਰਿੱਡ ਵਿੱਚ ਭੇਜ ਸਕਦਾ ਹੈ। ਇਸ ਵਿੱਚ ਊਰਜਾ ਦੀ ਬੈਕਿੰਗ ਦੀ ਵੀ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਜੇ ਨੈੱਟ ਮੀਟਰਿੰਗ ਪੀ.ਐਸ.ਪੀ.ਸੀ.ਐਲ. ਦੇ ਵੱਲ ਹੁੰਦੀ ਹੈ ਭਾਵ ਉਪਭੋਗਤਾ ਵਾਧੂ ਬਿਜਲੀ ਪੀ.ਐਸ.ਪੀ.ਸੀ.ਐਲ. ਨੂੰ ਦਿੰਦਾ ਹੈ ਅਤੇ ਵਾਧੂ ਬਿਜਲੀ ਨੂੰ ਇਕੱਤਰ ਊਰਜਾ ਦੇ ਤੌਰ ਤੇ ਊਪਭੋਗਤਾ ਵੱਲੋਂ ਪ੍ਰਯੋਗ ਕੀਤਾ ਜਾਂਦਾ ਹੈ। ਇਹ ਇਕੱਤਰ ਹੋਈ ਊਰਜਾ ਨੂੰ ਅਗਲੇ ਬਿੱਲ ਵਿੱਚ ਦਰਸਾਇਆ ਜਾਂਦਾ ਹੈ। ਪ੍ਰਚੂਨ ਸਪਲਾਈ ਦਰ ਜੋ ਕਿ ਪੀ.ਐਸ.ਪੀ.ਸੀ.ਐਲ. ਵੱਲੋ ਮੰਨਜ਼ੂਰ ਹੈ ਦੇ ਆਧਾਰ ‘ਤੇ ਊਰਜਾ ਬਿੱਲ ਦੋਨੋਂ ਆਯਾਤ ਅਤੇ ਨਿਰਯਾਤ ਖਪਤਕਾਰਾਂ ਨੂੰ ਜਿਸ ਵਰਗ ਨਾਲ ਸਬੰਧਿਤ ਹੋਣਗੇ ਤਿਆਰ ਕੀਤਾ ਜਾਂਦਾ ਹੈ।
ਪੇਡਾ ਦੇ ਸੀ.ਈ.ਓ. ਸ੍ਰੀ ਨਰਿੰਦਰਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸੋਲਰ ਊਰਜਾ ਦਾ ਭੰਡਾਰ ਹੈ ਜਿਸਦਾ ਪ੍ਰਯੋਗ ਅਸੀਂ ਬਿਜਲੀ ਦੇ ਤੌਰ ਤੇ ਕਰ ਸਕਦੇ ਹਾਂ ਜੋ ਕਿ ਸਾਡੇ ਘਰ ਅਤੇ ਗਲੀਆ ਨੂੰ ਰੌਸ਼ਨ ਕਰ ਸਕਦਾ ਹੈ। ਸੋਲਰ ਸਿਸਟਮ ਦਾ ਫਾਇਦਾ ਇਹ ਹੈ ਕਿ ਇਹ ਘੱਟ ਸਮੇਂ ਵਿੱਚ ਲਗਾਇਆ ਜਾ ਸਕਦਾ ਹੈ ਅਤੇ ਰੋਜ਼ਾਨਾ ਦਾ ਇਸਦਾ ਰੱਖ-ਰਖਾਵ ਵੀ ਘੱਟ ਹੈ। ਦੂਸਰੇ ਰਵਾਇਤੀ ਸਿਸਟਮਾਂ ਤੋਂ ਇਲਾਵਾ ਇਹ ਸਿਸਟਮ ਵਾਤਾਵਰਣ ਅਨੁਕੂਲ ਹੈ ਅਤੇ ਇੱਕ ਵਾਰ ਲਗਾਉਣ ਤੋਂ ਬਾਅਦ ਸਾਰਾ ਦਿਨ ਬਿਜਲੀ ਪੈਦਾ ਕਰਦਾ ਹੈ। ਜੋ ਉਪਭੋਗਤਾ ਸੋਲਰ ਰੂਫ਼ ਟਾਪ ਪ੍ਰਾਜੈਕਟ ਲਗਾਉਣ ਚਾਹੁੰਦੇ ਹਨ ਉਹ ਪੇਡਾ ਤੱਕ ਪਹੁੰਚ ਕਰਨ ਤਾਂ ਕਿ ਐਮ.ਐਨ.ਆਰ.ਈ. ਭਾਰਤ ਸਰਕਾਰ ਤੋਂ ਨਿਰਧਾਰਿਤ ਸ਼ਰਤਾਂ ਅਤੇ ਹਦਾਇਤਾਂ ਅਨੁਸਾਰ ਮੰਨਜ਼ੂਰੀ ਪ੍ਰਾਪਤ ਕੀਤੀ ਜਾ ਸਕੇ। ਭਾਰਤ ਸਰਕਾਰ ਐਸ.ਪੀ.ਵੀ. ਸਿਸਟਮ ਲਗਾਉਣ ਦੇ ਲਈ 30 ਫੀਸਦੀ ਕੈਪਿਟਲ ਸਬਸਿਡੀ ਦੇ ਰਹੀ ਹੈ।