ਦਰਿਆਵਾਂ ਅਤੇ ਨਹਿਰਾਂ ਦੇ ਪਾਣੀ ਦੀ ‘ਤੰਦਰੁਸਤੀ’ ਲਈ ਸਰਕਾਰ ਹੋਏ ਸਖ਼ਤ

ਜਲ ਸਰੋਤ ਮੰਤਰੀ ਜਲਦ ਲੈਣਗੇ ਦਰਿਆਵਾਂ ਦੀ ਦੇਖ-ਰੇਖ ਤੇ ਸਥਿਤੀ ਦਾ ਜਾਇਜ਼ਾ
ਅਧਿਕਾਰੀਆਂ ਨੂੰ ਦਰਿਆਈ ਪਾਣੀ ਦੂਸ਼ਿਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਨਿਰਦੇਸ਼
ਚੰਡੀਗੜ : ਪੰਜਾਬ ਦੇ ਮਾਲ ਅਤੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਦਰਿਆਵਾਂ ਤੇ ਨਹਿਰਾਂ ਨੂੰ ਪਲੀਤ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਨੂੰ ਹਰਿਆ-ਭਰਿਆ ਅਤੇ ਸਾਫ-ਸੁਥਰਾ ਬਣਾਉਣ ਲਈ ਪਿਛਲੇ ਦਿਨੀਂ ਸ਼ੁਰੂ ਕੀਤੇ ਗਏ ਮਿਸ਼ਨ ‘ਤੰਦਰੁਸਤ ਪੰਜਾਬ’ ਦੇ ਮੱਦੇਨਜ਼ਰ ਸ੍ਰੀ ਸਰਕਾਰੀਆ ਨੇ ਪੰਜਾਬ ਦੇ ਪਾਣੀਆਂ ਨੂੰ ਗੰਧਲਾ ਕਰਨ ਵਾਲਿਆਂ ‘ਤੇ ਸ਼ਿਕੰਜਾ ਕੱਸਣ ਦਾ ਅਹਿਦ ਲੈਂਦਿਆਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਖ਼ੁਦ ਮੌਕੇ ‘ਤੇ ਜਾ ਕੇ ਦਰਿਆਵਾਂ ਦੀ ਦੇਖ-ਰੇਖ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਜਲ ਸਰੋਤਾਂ ਦੀ ਸੰਭਾਲ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਕਈ ਇਲਾਕਿਆਂ ਵਿੱਚ ਧਰਤੀ ਹੇਠਲਾਂ ਪਾਣੀ ਖਾਰਾ ਹੋਣ ਕਾਰਨ ਮਨੁੱਖੀ ਵਰਤੋਂ ਯੋਗ ਨਹੀਂ ਹੈ, ਜਿਸ ਕਾਰਨ ਲੋਕ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਵਰਤਦੇ ਹਨ। ਇਸ ਕਾਰਨ ਕਿਸੇ ਨੂੰ ਵੀ ਪਾਣੀ ਪਲੀਤ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਰਿਆਵਾਂ ਵਿੱਚ ਬਿਨਾਂ ਸੋਧਿਆਂ ਪਾਣੀ ਅਤੇ ਹੋਰ ਰਹਿੰਦ-ਖੂੰਹਦ ਸੁੱਟ ਕੇ ਲੱਖਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।
ਸ੍ਰੀ ਸਰਕਾਰੀਆ ਨੇ ਮੁੱਖ ਦਫਤਰ ਅਤੇ ਫੀਲਡ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਦਰਿਆਵਾਂ ਤੇ ਨਹਿਰਾਂ ਵਿੱਚ ਰਹਿੰਦ-ਖੂੰਹਦ ਅਤੇ ਹੋਰ ਗੰਦ-ਮੰਦ ਸੁੱਟ ਕੇ ਪਾਣੀ ਨੂੰ ਦੂਸ਼ਿਤ ਕਰਨ ਵਾਲਿਆਂ ‘ਤੇ ਬਾਜ਼ ਅੱਖ ਰੱਖੀ ਜਾਵੇ ਅਤੇ ਅਜਿਹੇ ਗ਼ੈਰਜ਼ਿੰਮੇਵਾਰਾਨਾ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਜੋ ਹੋਰ ਲੋਕਾਂ ਨੂੰ ਵੀ ਸਬਕ ਮਿਲ ਸਕੇ। ਵਿਭਾਗ ਦੇ ਸਬੰਧਤ ਅਧਿਕਾਰੀਆਂ ਨੂੰ ਮੁਸ਼ਤੈਦ ਰਹਿਣ ਦੀ ਤਾੜਨਾ ਕਰਦਿਆਂ ਜਲ ਸਰੋਤ ਮੰਤਰੀ ਨੇ ਕਿਹਾ ਕਿ ਡਿਊਟੀ ਵਿੱਚ ਕਿਸੇ ਤਰ੍ਹਾਂ ਦੀ ਢਿੱਲ-ਮੱਠ ਅਤੇ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਉਨ੍ਹਾਂ ਨੇ ਲੋਕਾਂ ਨੂੰ ਪਾਣੀ ਜਿਹੀ ਅਣਮੁੱਲੀ ਕੁਦਰਤੀ ਦਾਤ ਦੀ ਸੰਜਮ ਨਾਲ ਵਰਤੋਂ ਦਾ ਸੱਦਾ ਦਿੰਦਿਆਂ ਕਿਹਾ ਕਿ ਧਰਤੀ ‘ਤੇ ਪਾਣੀ ਬਗ਼ੈਰ ਜੀਵ-ਜੰਤੂਆਂ ਅਤੇ ਬਨਸਪਤੀ ਦੀ ਹੋਂਦ ਸੰਭਵ ਨਹੀਂ ਹੈ। ਪਵਿੱਤਰ ਗੁਰਬਾਣੀ ਵਿੱਚ ਵੀ ਪਾਣੀ ਦੀ ਅਹਿਮੀਅਤ ਬਾਰੇ ਵਰਣਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਿਆਮਤ ਦੀ ਸੁਚੱਜੀ ਵਰਤੋਂ ਅਤੇ ਸਾਂਭ-ਸੰਭਾਲ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ।