ਰਾਮਪੁਰਾ ਫੂਲ ਦੇ ਨਵੇਂ ਵੈਟਰਨਰੀ ਕਾਲਜ ਵਿਚ ਛੇਤੀ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ : ਬਲਬੀਰ ਸਿੱਧੂ

ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਅਧੀਨ ਹੋਵੇਗਾ ਕਾਲਜ
88 ਵੈਟਰਨਰੀ ਸਾਇੰਸਦਾਨਾਂ, 165 ਨਾਨ-ਟੀਚਿੰਗ ਸਟਾਫ ਦੀ ਭਰਤੀ ਲਈ ਪ੍ਰਸਤਾਵ ਪੇਸ਼
ਚੰਡੀਗੜ : ਪੰਜਾਬ ਸਰਕਾਰ ਵਲੋਂ ਰਾਮਪੂਰਾ ਫੂਲ ਵਿਖੇ ਨਵਾਂ ਵੈਟਰਨਰੀ ਕਾਲਜ ਖੋਲਣ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਜਲਦ ਹੀ ਵੈਟਰਨਰੀ ਕਾਊਂਸਿਲ ਆਫ ਇੰਡਿਆ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਕਾਲਜ ਦਾ ਪਹਿਲਾ ਅਕਾਦਮਿਕ ਸੈਸ਼ਨ ਸ਼ੁਰੂ ਹੋ ਜਾਵੇਗਾ।
ਇਹ ਜਾਣਕਾਰੀ ਪਸ਼ੂਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਵੈਟਰਨਰੀ ਕਾਲਜ ਖੋਲਣ ਲਈ ਉੁਲੀਕੀ ਗਈ ਰੂਪ ਰੇਖਾ ਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੱਦੀ ਗਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।ਉਨਾਂ ਦੱਸਿਆ ਕਿ ਮਾਲਵੇ ਦੇ ਖਿੱਤੇ ਵਿਚ ਬਣਨ ਵਾਲੇ ਇਸ ਵੈਟਨਰੀ ਕਾਲਜ ਦਾ ਮਕਸਦ ਪਸ਼ੂ ਪਾਲਣ, ਡੇਅਰੀ ਵਿਕਾਸ ਦੇ ਖੇਤਰ ਵਿਚ ਨਵੀਂ ਖੋਜ ਕਰਨਾ ਤੇ ਨਵੇਂ ਵੈਟਰਨਰੀ ਸਾਇੰਸਦਾਨ ਪੈਦਾ ਕਰਨਾ ਹੈ। ਉਨਾਂ ਦੱਸਿਆ ਕਿ ਉਨਾਂ ਵਲੋਂ ਬੀਤੇ ਦਿਨੀਂ ਰਾਮਪੁਰਾਫੂਲ ਵਿਖੇ ਦੌਰਾ ਕਰਦਿਆਂ ਜ਼ਮੀਨੀ ਪੱਧਰ ‘ਤੇ ਕਾਲਜ ਨੂੰ ਸ਼ੁਰੂ ਕਰਨ ਲਈ ਕੀਤੀਆਂ ਗਈਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਦੱਸਿਆ ਕਿ ਇਹ ਕਾਲਜ ਗੂਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਅਧੀਨ ਹੋਵੇਗਾ। ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵਾਇਸ ਚਾਸ਼ਲਰ ਸ੍ਰੀ ਐਚ.ਐਸ ਨੰਦਾ ਨੇ ਦੱਸਿਆ ਕਿ ਕਾਲਜ ਦੀ ਉਸਾਰੀ ਲਗਭਗ ਮੁਕੰਮਲ ਹੈ ਤੇ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਲਈ ਟੀਚਿੰਗ ਅਤੇ ਨਾਨ- ਟੀਚਿੰਗ ਫੈਕਲਟੀ ਦੀ ਭਰਤੀ ਲਈ ਖਾਕਾ ਤਿਆਰ ਕਰਕੇ ਅਗਲੇਰੀ ਕਾਰਵਾਈ ਲਈ ਪ੍ਰਸਤਾਵ ਸਰਕਾਰ ਅੱਗੇ ਭੇਜ ਦਿੱਤਾ ਗਿਆ ਹੈ।
ਸ੍ਰੀ ਬਲਬੀਰ ਸਿੱਧੂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੀ ਇਹ ਵਚਨਬੱਧਤਾ ਹੈ ਕਿ ਪਸ਼ੂਪਾਲਣ ਦੇ ਡੇਅਰੀ ਵਿਕਾਸ ਦੇ ਖੇਤਰ ਵਿਚ ਕਿਸਾਨਾਂ ਦਾ ਆਰਥਿਕ ਪੱਧਰ ਮਜਬੂਤ ਕਰਨ ਲਈ ਹਰ ਤਰਾੰ ਦੇ ਠੋਸ ਯਤਨ ਕੀਤੇ ਜਾਣਗੇ। ਉਨਾਂ ਮੀਟਿੰਗ ਵਿਚ ਸ਼ਾਮਲ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਵੀ. ਵਜਰਾਲਿੰਗਮ ਨੂੰ ਹਦਾਇਤ ਕੀਤੀ ਕਿ ਖੋਲੇ ਜਾਣ ਵਾਲੇ ਇਸ ਨਵੇਂ ਵੈਟਰਨਰੀ ਕਾਲਜ ਵਿਚ ਟੀਚਿੰਗ ਅਤੇ ਨਾਨ- ਟੀਚਿੰਗ ਫੈਕਲਟੀ ਦੀਆਂ ਅਸਾਮੀਆਂ ਦੀ ਪ੍ਰਵਾਨਗੀ ਲੈਣ ਲਈ ਵਿੱਤ ਮੰਤਰਾਲੇ ਨਾਲ ਪਹਿਲ ਦੇ ਅਧਾਰ ‘ਤੇ ਮਾਮਲਾ ਵਿਚਾਰਿਆ ਜਾਵੇ।ਇਨਾੰ ਅਸਾਮੀਆਂ ਸਬੰਧੀ ਜਾਣਕਾਰੀ ਦਿੰਦਿਆਂ ਡਾ. ਜੀ. ਵਜਰਾਲਿੰਗਮ ਨੇ ਦੱਸਿਆ ਕਿ ਯੂਨੀਵਰਸਿਟੀ ਵਲੋਂ ਰਾਮਪੂਰਾ ਫੂਲ ਦੇ ਇਸ ਨਵੇਂ ਕਾਲਜ ਲਈ 88 ਵੈਟਰਨਰੀ ਸਾਇੰਸਦਾਨਾਂ ( ਅਧਿਆਪਕ), 165 ਅਸਾਮੀਆਂ ਨਾਨ-ਟੀਚਿੰਗ ਸਟਾਫ ਜਿਨਾਂ ਵਿਚ ਕਲਰਕ, ਲੈਬਾਰਟਰੀ ਟੈਕਨੀਸ਼ਿਅਨ ਤੇ ਫੀਲਡ ਵਰਕਰ ਸ਼ਾਮਿਲ ਹਨ, ਦੀ ਭਰਤੀ ਦੀ ਪ੍ਰਵਾਨਗੀ ਮੰਗੀ ਗਈ ਹੈ। ਉਨਾਂ ਦੱਸਿਆ ਕਿ ਜਲਦ ਹੀ ਵਿੱਤ ਵਿਭਾਗ ਨਾਲ ਮੀਟਿੰਗ ਕਰਕੇ ਅਸਾਮੀਆਂ ਦੀ ਭਰਤੀ ਲਈ ਪ੍ਰਵਾਨਗੀ ਲੈ ਲਈ ਜਾਵੇਗੀ।
ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਵੈਟਰਨਰੀ ਕਾਲਜ, ਰਾਮਪੂਰਾ ਫੂਲ ਦੇ ਡੀਨ ਗੁਰਚਰਨ ਸਿੰਘ ਧਾਲੀਵਾਲ ਅਤੇ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਅਮਰਜੀਤ ਸਿੰਘ ਵੀ ਸ਼ਾਮਿਲ ਸਨ।