ਐੱਸ.ਸੀ.ਓ. ਸ਼ਿਖਰ ਸੰਮੇਲਨ ‘ਚ ਹਿੱਸਾ ਲੈਣ ਮਗਰੋਂ ਮੋਦੀ ਹੋਏ ਦੇਸ਼ ਰਵਾਨਾ

ਬੀਜਿੰਗ/ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੀਨ ਵਿਚ ਸ਼ੰਘਾਈ ਸਹਿਯੋਗ ਸੰਗਠਨ (ਐੱਸ.ਸੀ.ਓ.) ਸ਼ਿਖਰ ਸੰਮਲੇਨ ਵਿਚ ਹਿੱਸਾ ਲੈਣ ਮਗਰੋਂ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਘੱਟ ਤੋਂ ਘੱਟ 6 ਦੋ-ਪੱਖੀ ਬੈਠਕਾਂ ਕਰਨ ਦੇ ਬਾਅਦ ਐਤਵਾਰ ਨੂੰ ਦੇਸ਼ ਰਵਾਨਾ ਹੋ ਗਏ। ਭਾਰਤ ਤੇ ਪਾਕਿਸਤਾਨ ਦੇ ਐੱਸ.ਸੀ.ਓ. ਦੇ ਪੂਰਨ ਤੌਰ ‘ਤੇ ਮੈਂਬਰ ਬਣਨ ਦੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਪਹਿਲੀ ਵਾਰੀ ਇਸ ਸ਼ਿਖਰ ਸੰਮੇਲਨ ਵਿਚ ਹਿੱਸਾ ਲਿਆ ਹੈ। ਮੋਦੀ ਨੇ ਸ਼ਿਖਰ ਸੰਮੇਲਨ ਦੇ ਬਾਅਦ ਸ਼ੀ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਸਰਹੱਦ ‘ਤੇ ਸ਼ਾਂਤੀ ਬਣਾਈ ਰੱਖਣ ਲਈ ਕੋਸ਼ਿਸ਼ਾਂ ਜਾਰੀ ਰੱਖਣ ਦੇ ਨਾਲ ਹੀ ਅਗਲਾ ਗੈਰ ਰਮਮੀ ਸੰਮੇਲਨ ਅਗਲੇ ਸਾਲ ਭਾਰਤ ਵਿਚ ਆਯੋਜਿਤ ਕਰਨ ਲਈ ਸਹਿਮਤ ਹੋਏ। ਪ੍ਰਧਾਨ ਮੰਤਰੀ ਮੋਦੀ ਨੇ ਮੰਗੋਲੀਆ, ਕਜ਼ਾਖਿਸਤਾਨ, ਕਿਰਗਿਸਤਾਨ, ਉਜ਼ਬੇਕਿਸਤਾਨ ਅਤੇ ਤਜ਼ਾਕਿਸਤਾਨ ਦੇ ਨੇਤਾਵਾਂ ਨਾਲ ਵੀ ਦੋ-ਪੱਖੀ ਗੱਲਬਾਤ ਕੀਤੀ। ਇਸ ਦੇ ਇਲਾਵਾ ਪਾਕਿਸਤਾਨ ਦੇ ਰਾਸ਼ਟਰਪਤੀ ਮਮਨੂਨ ਹੁਸੈਨ ਨਾਲ ਹੱਥ ਮਿਲਾਇਆ ਅਤੇ ਕੁਝ ਸੈਕੰਡ ਗੱਲਬਾਤ ਕੀਤੀ। ਮੋਦੀ ਨੇ ਐੱਸ.ਸੀ.ਓ. ਸ਼ਿਖਰ ਸੰਮੇਲਨ ਦੇ ਪੂਰੇ ਸੈਸ਼ਨ ਵਿਚ ਮੈਂਬਰ ਦੇਸ਼ਾਂ ਵਿਚਕਾਰ ਪ੍ਰਭੂਸੱਤਾ, ਆਰਥਿਕ ਵਿਕਾਸ, ਸੰਪਰਕ ਅਤੇ ਏਕਤਾ ਦੇ ਸਨਮਾਨ ਦੀ ਗੱਲ ਕੀਤੀ।