ਪਾਕਿਸਤਾਨ : ਸਿੰਧ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਵਿਅਕਤੀ ਲੜੇਗਾ ਚੋਣ

ਕਰਾਚੀ— ਪਾਕਿਸਤਾਨ ਦੇ ਦੂਜੇ ਸਭ ਤੋਂ ਵੱਡੇ ਸੂਬੇ ਸਿੰਧ ਦੀਆਂ ਵਿਧਾਨਸਭਾ ਦੀਆਂ ਚੋਣਾਂ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਵਿਅਕਤੀ ਚੋਣ ਲੜਨ ਜਾ ਰਿਹਾ ਹੈ । ਰਮੇਸ਼ ਸਿੰਘ ਖਾਲਸਾ ਨੇ ਐੱਮ. ਪੀ. ਏ. ( ਸੂਬਾ ਅਸੈਂਬਲੀ ਮੈਂਬਰ) ਲਈ ਨਾਮਜ਼ਦਗੀ ਭਰੀ ਹੈ। ਉਨ੍ਹਾਂ ਨੇ ਵੀਰਵਾਰ ਨੂੰ ਸੂਬਾਈ ਚੋਣ ਕਮਿਸ਼ਨਰ ਮੁਹੰਮਦ ਯੂਸਫ ਖਾਨ ਖਟਕ ਨੂੰ ਆਪਣਾ ਨਾਮਜ਼ਦਗੀ ਪੱਤਰ ਭਰ ਕੇ ਸੌਂਪਿਆ। ਰਮੇਸ਼ ਸਿੰਘ ਖਾਲਸਾ ਨੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ. ) ਦੀ ਟਿਕਟ ‘ਤੇ ਘੱਟ ਗਿਣਤੀਆਂ ਲਈ ਰਿਜ਼ਰਵ ਸੀਟ ਤੋਂ ਨਾਮਜ਼ਦਗੀ ਭਰੀ ਹੈ। ਰਮੇਸ਼ ਸਿੰਘ ਪਾਕਿਸਤਾਨ ਸਿੱਖ ਕੌਂਸਲਰ ਦੇ ਪੈਟਰਨ ਇਨ ਚੀਫ ਹਨ।
ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ‘ਚ ਸਿੱਖ ਭਾਈਚਾਰਾ ਬਹੁਤ ਘੱਟ ਗਿਣਤੀ ‘ਚ ਹੈ । ਵਧੇਰੇ ਸਿੱਖ ਇੱਥੋਂ ਦੇ ਸੂਬੇ ਪੰਜਾਬ ‘ਚ ਹੀ ਰਹਿੰਦੇ ਹਨ। ਅਧਿਕਾਰਤ ਡਾਟੇ ਮੁਤਾਬਕ ਪਾਕਿਸਤਾਨ ‘ਚ ਸਿਰਫ 6,000 ਸਿੱਖ ਹੀ ਰਹਿੰਦੇ ਹਨ ਹਾਲਾਂਕਿ ਸਿੱਖ ਪ੍ਰਤੀਨਿਧੀਆਂ ਦਾ ਦਾਅਵਾ ਹੈ ਕਿ ਇੱਥੇ 30,000 ਤੋਂ 35,000 ਸਿੱਖ ਰਹਿੰਦੇ ਹਨ।
ਪਾਕਿਸਤਾਨ ‘ਚ ਸਿੱਖਾਂ ਨਾਲੋਂ ਵਧੇਰੇ ਗਿਣਤੀ ਹਿੰਦੂਆਂ ਦੀ ਹੈ। ਪਾਕਿਸਤਾਨ ਹਿੰਦੂ ਕੌਂਸਲ ਮੁਤਾਬਕ ਇੱਥੇ 60 ਲੱਖ ਹਿੰਦੂ ਰਹਿੰਦੇ ਹਨ ਪਰ ਹਿੰਦੂ ਪ੍ਰਤੀਨਿਧੀਆਂ ਮੁਤਾਬਕ ਇੱਥੇ 80 ਲੱਖ ਹਿੰਦੂਆਂ ਦੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਸਿੰਧ ‘ਚ ਵਧੇਰੇ ਹਿੰਦੂ ਰਹਿੰਦੇ ਹਨ। ਹਿੰਦੂ ਭਾਈਚਾਰੇ ਦੇ ਕਈ ਮੈਂਬਰ ਰਾਸ਼ਟਰੀ ਅਤੇ ਸੂਬਾ ਅਸੈਂਬਲੀਆਂ ‘ਚ ਅਹੁਦਿਆਂ ‘ਤੇ ਹਨ। ਸਿੰਧ ‘ਚ ਬਹੁਤ ਘੱਟ ਗਿਣਤੀ ‘ਚ ਸਿੱਖ ਰਹਿੰਦੇ ਹਨ ਅਤੇ ਜਦੋਂ ਤੋਂ ਪਾਕਿਸਤਾਨ ਬਣਿਆ ਹੈ, ਇੱਥੇ ਇਕ ਵੀ ਸਿੱਖ ਨੂੰ ਸਿੰਧ ਅਸੈਂਬਲੀ ‘ਚ ਚੁਣਿਆ ਨਹੀਂ ਗਿਆ।