ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਜਥੇਦਾਰ ਵਡਾਲਾ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਚੰਡੀਗੜ – ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਉੱਘੇ ਅਕਾਲੀ ਆਗੂ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਦਿਹਾਂਤ ‘ਤੇ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿਨਾਂ ਦਾ ਮੰਗਲਵਾਰ ਨੂੰ ਦਿਲ ਦੀ ਬਿਮਾਰੀ ਤੋਂ ਬਾਅਦ ਉਨਾਂ ਦੇ ਜੱਦੀ ਪਿੰਡ ਵਡਾਲਾ ਜਿਲਾ ਜਲੰਧਰ ਵਿਖੇ ਦਿਹਾਂਤ ਹੋ ਗਿਆ ਸੀ। 86 ਵਰਿਆਂ ਦੇ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਆਪਣੇ ਪਿਛੇ 4 ਪੁੱਤਰ ਅਤੇ 3 ਧੀਆਂ ਛੱਡ ਗਏ ਹਨ। ਉਨਾ ਦੇ ਪੁੱਤਰ ਸ. ਗੁਰਪ੍ਰਤਾਪ ਸਿੰਘ ਵਡਾਲਾ ਨਕੋਦਰ ਦੇ ਮੌਜੂਦਾ ਵਿਧਾਇਕ ਹਨ।
ਆਪਣੇ ਸ਼ੋਕ ਸੰਦੇਸ਼ ਵਿੱਚ ਰਾਣਾ ਕੇ.ਪੀ. ਸਿੰਘ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਰਾਣਾ ਕੇ.ਪੀ. ਨੇ ਕਿਹਾ ਕਿ ਜੱਥੇਦਾਰ ਕੁਲਦੀਪ ਸਿੰਘ ਵਡਾਲਾ ਇਕ ਤਜਰਬੇਕਾਰ ਸਿਆਸਤਦਾਨ ਸਨ ਜਿਨਾਂ ਨੇ ਲੋਕ ਭਲਾਈ ਦੇ ਕੰਮਾਂ ਲਈ ਅਣਥੱਕ ਕੋਸ਼ਿਸ਼ਾਂ ਕੀਤੀਆਂ।