ਮੁੰਬਈ — ਦੱਖਣੀ ਮੁੰਬਈ ਸਥਿਤ ਇਨਕਮ ਟੈਕਸ ਦੇ ਦਫਤਰ ਸਿੰਧਿਆ ਹਾਊਸ ‘ਚ ਸ਼ੁੱਕਰਵਾਰ ਨੂੰ ਲੱਗੀ ਭਿਆਨਕ ਅੱਗ ‘ਚ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ ਪੰਜਾਬ ਨੈਸ਼ਨਲ ਬੈਂਕ ਘਪਲੇ ਨਾਲ ਜੁੜੇ ਦਸਤਾਵੇਜ਼ਾਂ ਦੇ ਸਵਾਹ ਹੋਣ ਦਾ ਆਮਦਨ ਕਰ ਵਿਭਗ ਨੇ ਇਨਕਾਰ ਕੀਤਾ ਹੈ। ਕੁਝ ਨਿਊਜ਼ ਰਿਪੋਰਟ ਵਿਚ ਇਹ ਦਾਅਵਾ ਕੀਤਾ ਗਿਆ ਸੀ ਕਿ ਸਿੰਧੀਆ ਹਾਊਸ ‘ਚ ਅੱਗ ਲੱਗਣ ਦੇ ਕਾਰਨ ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਹੋਰ ਵਿੱਤੀ ਅਪਰਾਧੀਆਂ ਨਾਲ ਸਬੰਧਤ ਸਾਰੇ ਦਸਤਾਵੇਜ਼ ਸੜ ਗਏ ਹਨ।
ਇਨਕਮ ਟੈਕਸ ਵਿਭਾਗ ਨੇ ਐਤਵਾਰ ਨੂੰ ਟਵਿੱਟਰ ਦੇ ਜ਼ਰੀਏ ਦੱਸਿਆ ਕਿ ਨੀਰਵ ਮੋਦੀ ਅਤੇ ਮੇਹੁਲ ਨਾਲ ਜੁੜੇ ਸਾਰੇ ਦਸਤਾਵੇਜ਼ ਸੁਰੱਖਿਅਤ ਹਨ। ਇਨਕਮ ਟੈਕਸ ਵਿਭਾਗ ਨੇ ਟਵੀਟ ਕੀਤਾ ਹੈ,’ਮੀਡੀਆ ਦੇ ਕੁਝ ਸੈਕਸ਼ਨ ਤੋਂ ਇਸ ਤਰ੍ਹਾਂ ਦੀ ਨਿਊਜ਼ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਮੁੰਬਈ ਦੇ ਸਿੰਧਿਆ ਹਾਊਸ ਸਥਿਤ ਆਮਦਨ ਕਰ ਦਫਤਰ ‘ਚ ਅੱਗ ਲੱਗਣ ਕਾਰਨ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੀ ਜਾਂਚ ਨਾਲ ਸਬੰਧਿਤ ਰਿਕਾਰਡਸ/ਦਸਤਾਵਜ਼ੇ ਬਰਬਾਦ ਹੋ ਗਏ ਹਨ। ਇਹ ਰਿਪੋਰਟ ਪੂਰੀ ਤਰ੍ਹਾਂ ਗਲਤ ਹੈ ਅਤੇ ਗੁੰਮਰਾਹਕੁੰਨ ਹੈ।
ਇਨਕਮ ਟੈਕਸ ਵਿਭਾਗ ਨੇ ਇਕ ਹੋਰ ਟਵੀਟ ਕਰਕੇ ਦੱਸਿਆ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨਾਲ ਸਬੰਧਤ ਦਸਤਾਵੇਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਕ ਹੋਰ ਟਵੀਟ ‘ਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਨੀਰਵ ਮੋਦੀ / ਮੇਹੂਲ ਚੌਕਸੀ ਮਾਮਲੇ ਦੀ ਜਾਰੀ ਜਾਂਚ ਨਾਲ ਸੰਬੰਧਤ ਰਿਕਾਰਡ / ਦਸਤਾਵੇਜ਼ ਪਹਿਲਾਂ ਹੀ ਅਸੈਸਮੇਂਟ ਪ੍ਰਕਿਰਿਆ ਦੇ ਤਹਿਤ ਹੋਰ ਇਮਾਰਤ ਵਿਚ ਸਥਿਤ ਅਸੈਸਮੈਂਟ ਯੂਨਿਟ ਨੂੰ ਤਬਦੀਲ ਕਰ ਦਿੱਤੇ ਗਏ ਹਨ। ਰਿਕਾਰਡਾਂ ਦੇ ਨੁਕਸਾਨ / ਵਿਨਾਸ਼ ਨਾਲ ਸੰਬੰਧਤ ਚਿੰਤਾਵਾਂ ਵਿਅਰਥ ਹਨ।
ਜ਼ਿਕਰਯੋਗ ਹੈ ਕਿ ਮੁੰਬਈ ਦੇ ਸਿੰਧਿਆ ਹਾਊਸ ਬਿਲਡਿੰਗ ਵਿਚ ਅੱਗ ਲੱਗਣ ਕਾਰਨ ਹਫੜਾ-ਦੱਫੜੀ ਮੱਚ ਗਈ ਸੀ। ਇਹ ਅੱਗ ਇਮਾਰਤ ਦੀ ਤੀਜੀ ਅਤੇ ਚੌਥੀ ਮੰਜ਼ਿਲ ‘ਤੇ ਲੱਗੀ ਸੀ। ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਹੀ ਅੱਗ ‘ਤੇ ਕਾਬੂ ਪਾਇਆ ਜਾ ਸਕਿਆ। ਬਿਲਡਿੰਗ ਦੀ ਛੱਤ ‘ਤੇ ਫਸੇ 5 ਲੋਕਾਂ ਨੂੰ ਬਚਾ ਲਿਆ ਗਿਆ ਸੀ। ਇਸ ਬਿਲਡਿੰਗ ਵਿਚ ਇਨਕਮ ਟੈਕਸ ਵਿਭਾਗ ਅਤੇ ਇਨਵੈਸਟੀਗੇਟਿਵ ਵਿੰਗ ਦਾ ਦਫਤਰ ਵੀ ਹੈ।