ਨਹਿਰਾਂ ਤੇ ਦਰਿਆਵਾਂ ਤੋਂ ਪਾਣੀ ਲੈਣ ਵਾਲੀਆਂ ਥਾਂਵਾਂ ‘ਤੇ ਲਾਏ ਜਾਣਗੇ ਆਨਲਾਈਨ ਵਾਟਰ ਕੁਆਲਟੀ ਟੈਸਟਿੰਗ ਮੀਟਰ : ਰਜ਼ੀਆ ਸੁਲਤਾਨਾ

ਕਾਂਗਰਸ ਸਰਕਾਰ ਪੀਣ ਯੋਗ ਸੁਰੱਖਿਅਤ ਪਾਣੀ ਮੁਹੱਈਆ ਕਰਵਾਉਣ ਲਈ ਆਪਣੀਆਂ ਵਿਧਾਨਕ ਜਾਂ ਨੈਤਿਕ ਜਿੰਮੇਵਾਰੀਆਂ ਤੋਂ ਨਹੀਂ ਹਟੇਗੀ ਪਿੱਛੇ
ਹਫਤੇ ਦੌਰਾਨ 210 ਜੂਨੀਅਰ ਇੰਜੀਨੀਅਰਾਂ ਦੀਆਂ ਅਸਾਮੀਆਂ ਭਰਨ ਲਈ ਦਿੱਤਾ ਜਾਵੇਗਾ ਇਸ਼ਤਿਹਾਰ
ਮੰਤਰੀ ਵੱਲੋਂ ਲਿਆ ਗਿਆ ਚਲ ਰਹੀਆਂ ਵਿਕਾਸ ਸਕੀਮਾਂ ਤੇ ਪ੍ਰਾਜੈਕਟਾਂ ਦਾ ਜਾਇਜ਼ਾ
ਚੰਡੀਗੜ – “ਨਹਿਰਾਂ ਅਤੇ ਦਰਿਆਵਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਲੈਣ ਵਾਲੀਆਂ ਥਾਂਵਾਂ ਉੱਤੇ ਜਲਦ ਆਨਲਾਈਨ ਵਾਟਰ ਕੁਆਲਟੀ ਟੈਸਟਿੰਗ ਮੀਟਰ ਲਗਾਏ ਜਾਣਗੇ ਤਾਂ ਜੋ ਸੂਬੇ ਦੇ ਵਸਨੀਕਾਂ ਨੂੰ ਪੀਣ ਲਈ ਸਾਫ ਪੀਣਯੋਗ ਪਾਣੀ ਮੁਹੱਈਆ ਕਰਵਾਇਆ ਜਾ ਸਕੇ।” ਇਹ ਖੁਲਾਸਾ ਅੱਜ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਰਜ਼ੀਆ ਸੁਲਤਾਨਾ ਨੇ ਵਿਭਾਗ ਦੀ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਕੀਤਾ। ਇਸ ਪੂਰੀ ਪ੍ਰਕਿਰਿਆ ਦਾ ਮੁੱਖ ਮੰਤਵ ਪਾਣੀ ਵਿੱਚੋਂ ਸਾਰੇ ਖ਼ਤਰਨਾਕ ਜਾਂ ਜਹਿਰੀਲੇ ਭਾਰੇ ਤੱਤ ਖਤਮ ਕਰਕੇ ਪੀਣ ਯੋਗ ਸਵੱਛ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਈਆ ਜਾ ਸਕੇ।
ਇਹ ਜਾਣਕਾਰੀ ਦਿੰਦਿਆਂ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਇੱਕ ਪ੍ਰੈਸ ਬਿਆਨ ਰਾਹੀ ਦੱਸਿਆ ਕਿ ਸੂਬੇ ਦੇ ਲੋਕਾਂ ਨੂੰ ਸਾਫ਼ ਤੇ ਸੁਰੱਖਿਅਤ ਪੀਣ ਯੋਗ ਪਾਣੀ ਮੁਹੱਈਆ ਕਰਵਾਉਣਾ ਸਾਡੀ ਵਿਧਾਨਕ ਤੇ ਨੈਤਿਕ ਜਿੰਮੇਵਾਰੀ ਹੈ ਅਤੇ ਇਸ ਤੋਂ ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਉਹਨਾਂ ਕਿਹਾ ਕਿ ਸੂਬੇ ਵਿੱਚ ਪਾਣੀ ਦੇ ਸੋਮਿਆਂ ਦੇ ਦੂਸ਼ਿਤ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ ਅਤੇ ਸਰਕਾਰ ਇਹਨਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਉਹਨਾਂ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਹੁਣ ਕਈ ਮਾੜੇ ਕਾਰਨਾਂ ਕਰਕੇ ਸੁਰਖੀਆਂ ਵਿੱਚ ਹੈ ਅਤੇ ਪਾਣੀ ਦੇ ਸੋਮਿਆਂ ਦੇ ਨਿਰੰਤਰ ਗੰਦਲੇ ਹੋਣ ਦੇ ਨਾਲ ਪਾਣੀ ਦਾ ਪੱਧਰ ਵੀ ਘੱਟਦਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਵਾਲੀ ਕਾਂਗਰਸ ਸਰਕਾਰ ਆਪਣੀਆਂ ਨੈਤਿਕ ਜਿੰਮੇਵਾਰੀਆਂ ਤੋਂ ਭਲੀ-ਭਾਂਤ ਜਾਣੂੰ ਹੈ ਅਤੇ ਜਿਸ ਕਰਕੇ ਦਰਿਆਵਾਂ/ਨਹਿਰਾਂ ਦੇ ਪਾਣੀ ਲੈਣ ਵਾਲੀਆਂ ਥਾਵਾਂ ਉੱਤੇ ਆਨਲਾਈਨ ਵਾਟਰ ਕੁਆਲਟੀ ਟੈਸਟਿੰਗ ਮੀਟਰ ਲਾਉਣ ਦਾ ਸਿਧਾਂਤਕ ਫੈਸਲਾ ਲਿਆ ਹੈ।
ਮੰਤਰੀ ਨੇ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾਰ ਨੂੰ ਜਲਦ ਸਾਰੇ ਦਰਿਆਵਾਂ ਤੇ ਨਹਿਰਾਂ ਅਤੇ ਸਾਰੇ ਉਹ ਨਿਕਾਸ ਸਥਾਨ ਜਿੱਥੋਂ ਪੀਣ ਲਈ ਪਾਣੀ ਲਿਆ ਜਾਂਦਾ ਹੈ, ਦੀ ਮੈਪਿੰਗ ਕਰਨ ਦੀ ਹਿਦਾਇਤ ਦਿੱਤੀ। ਉਹਨਾਂ ਕਿਹਾ ਕਿ ਜਿਉਂ ਹੀ ਮੈਪਿੰਗ ਦੀ ਪ੍ਰਕਿਰਿਆ ਪੂਰੀ ਹੁੰਦੀ ਹੈ, ਸਾਨੂੰ ਪਤਾ ਚਲ ਜਾਵੇਗਾ ਕਿ ਕਿਹੜੀ-ਕਿਹੜੀ ਥਾਂ ਉੱਤੇ ਮੀਟਰ ਲਾਉਣ ਦੀ ਲੋੜ ਹੈ।
ਮੀਟਿੰਗ ਦੌਰਾਨ ਪ੍ਰਮੁੱਖ ਸ੍ਰੀਮਤੀ ਜਸਪ੍ਰੀਤ ਤਲਵਾਰ ਨੇ ਮੰਤਰੀ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਐਸ.ਏ.ਐਸ. ਨਗਰ ਅਤੇ ਪਟਿਆਲਾ ਦੀਆਂ ਦੋ ਵਾਟਰ ਟੈਸਟਿੰਗ ਲੈਬੋਰਟਰੀਆਂ ਨੂੰ ਨੈਸ਼ਨਲ ਬੋਰਡ ਆਫ ਐਕਰੀਡੇਸ਼ਨ ਆਫ ਲੈਬਜ ( ਐਨ. ਏ.ਬੀ.ਐਲ.) ਵੱਲੋਂ ਮਾਨਤਾ ਮਿਲ ਚੁੱਕੀ ਹੈ ਅਤੇ ਆਧੁਨਿਕ ਸਹੂਲਤਾਂ ਅਤੇ ਭਾਰੇ ਤੱਤ, ਦੂਸ਼ਿਤ ਕਣਾਂ ਦੀ ਜਾਂਚ ਕਰਨ ਵਾਲੀ ਇੱਕ ਲੈਬੋਰਟਰੀ ਅੰਮ੍ਰਿਤਸਰ ਵਿਖੇ ਬਣਾਈ ਜਾ ਰਹੀ ਹੈ। ਮੰਤਰੀ ਨੇ ਅੱਗੇ ਦਸਿਆ ਕਿ ਪਾਣੀ ਦੀ ਜਾਂਚ ਪ੍ਰਕਿਰਿਆ ਨੂੰ ਹੋਰ ਸੁਖਾਲਾ ਤੇ ਸਰਲ ਕਰਨ ਲਈ ਸੂਬੇ ਦੀਆਂ ਤਿੰਨ ਹੋਰ ਲੈਬੋਰਟਰੀਆਂ ਦਾ ਨਵੀਨੀਕਰਨ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਪੰਜਾਬ ਕੋਲ 6 ਹਾਈਟੈੱਕ ਆਧੁਨਿਕ ਲੈਬੋਰਟਰੀਆਂ ਹੋ ਜਾਣਗੀਆਂ, ਜਿੱਥੇ ਪਾਣੀ ਦੀ ਜਾਂਚ ਵਧੀਆ ਤਰੀਕੇ ਨਾਲ ਕੀਤੀ ਜਾ ਸਕੇਗੀ।
ਇਸ ਮੌਕੇ ਹੋਰ ਜਾਣਕਾਰੀ ਸ੍ਰੀਮਤੀ ਸੁਲਤਾਨਾ ਨੇ ਦੱਸਿਆ ਕਿ ਵਿਭਾਗ ਵੱਲੋਂ 210 ਜੂਨੀਅਰ ਇੰਜੀਨੀਅਰਾਂ ਦੀਆਂ ਅਸਾਮੀਆਂ ਭਰੀਆਂ ਜਾਣਗੀਆਂ ਅਤੇ ਇਹ ਭਰਤੀ ਪ੍ਰਕਿਰਿਆ ਥਾਪਰ ਯੂਨੀਵਰਸਿਟੀ ਵੱਲੋਂ ਕੀਤੀ ਜਾਵੇਗੀ। ਇਹਨਾਂ ਭਰਤੀਆਂ ਸਬੰਧੀ ਇਸ਼ਤਿਹਾਰ ਆਉਣ ਵਾਲੇ ਹਫਤੇ ਜਾਰੀ ਹੋ ਜਾਵੇਗਾ।
ਇਸ ਮੀਟਿੰਗ ਦੌਰਾਨ ਹੋਰਾਂ ਤੋਂ ਇਲਾਵਾ ਸ੍ਰੀ ਅਸ਼ਵਨੀ ਕੁਮਾਰ, ਵਿਸ਼ੇਸ਼ ਸਕੱਤਰ-ਕਮ-ਐਚ.ਓ.ਡੀ., ਮੁਹੰਮਦ ਇਸ਼ਫਾਕ, ਵਧੀਕ ਸਕੱਤਰ, ਸ੍ਰੀ ਰਜਿੰਦਰ ਸਿੰਘ, ਚੀਫ ਇੰਜੀਨੀਅਰ(ਕੇਂਦਰੀ), ਸ੍ਰੀ ਗੁਰਪ੍ਰੀਤ ਸਿੰਘ, ਚੀਫ ਇੰਜੀਨੀਅਰ (ਦੱਖਣੀ), ਸ੍ਰੀ ਐਸ.ਕੇ.ਜੈਨ, ਚੀਫ ਇੰਜੀਨੀਅਰ (ਉੱਤਰੀ) ਅਤੇ ਸ੍ਰੀਮਤੀ ਵੀਨਾਕਸ਼ੀ ਸ਼ਰਮਾ, ਐਸ.ਈ. ਵਾਟਰ ਕੁਆਲਟੀ ਵੀ ਸ਼ਾਮਲ ਸਨ।