ਨੈਸ਼ਨਲ ਡੈਸਕ— ਸ਼ਿਲਾਂਗ ਦੇ ਕੁਝ ਹਿੱਸਿਆਂ ‘ਚ ਅੱਜ ਦੂਜੇ ਦਿਨ ਵੀ ਕਰਫਿਊ ਜਾਰੀ ਰਿਹਾ, ਇੱਥੇ ਰਾਤ ਭਰ ਚੱਲੀ ਹਿੰਸਾ ਦੌਰਾਨ ਭਿਆਨਕ ਭੀੜ ਨੇ ਇਕ ਦੁਕਾਨ ਅਤੇ ਇਕ ਮਕਾਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਘੱਟ ਤੋਂ ਘੱਟ 5 ਵਾਹਨਾਂ ਨੂੰ ਖਰਾਬ ਕਰ ਦਿੱਤਾ। ਇਸ ਹਿੰਸਾ ‘ਚ ਇਕ ਮੁੱਖ ਪੁਲਸ ਅਧਿਕਾਰੀ ਵੀ ਜ਼ਖਮੀ ਹੋ ਗਿਆ। ਡਿਊਟੀ ‘ਤੇ ਮੌਜੂਦ ਇਕ ਮੁੱਖ ਪੁਲਸ ਅਧਿਕਾਰੀ ਨੇ ਕਿਹਾ ਹੈ ਕਿ ਪੁਲਸ ਅਧਿਕਾਰੀ ਸਟੀਫਨ ਰਿੰਜਾ ‘ਤੇ ਇਕ ਰਾਡ ਨਾਲ ਵਾਰ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸ਼ਿਲਾਂਗ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।
ਹਿੰਸਾ ‘ਚ ਪੁਲਸ ਕਰਮਚਾਰੀ ਸਮੇਤ ਘੱਟ ਤੋਂ ਘੱਟ 10 ਲੋਕ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਇਲਾਕੇ ‘ਚ ਕਥਿਤ ਤੌਰ ‘ਤੇ ਗੈਰ-ਕਾਨੂੰਨੀ ਰੂਪ ਤੋਂ ਰਹਿ ਰਹੇ ਲੋਕਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਹੋਣ ਲੱਗੀ। ਸ਼ਹਿਰ ਦੇ ਅਸ਼ਾਂਤ ਮੋਟਫ੍ਰਨ ਇਲਾਕੇ ‘ਚ ਪੱਥਰਬਾਜ਼ਾ ਨੇ ਸੂਬੇ ‘ਚ ਪੁਲਸ ਕਰਮਚਾਰੀਆਂ ‘ਤੇ ਹਮਲਾ ਕੀਤਾ। ਵੀਰਵਾਰ ਨੂੰ ਥੇਮ ਮੇਟੋਰ ਇਲਾਕੇ ‘ਚ ਸਥਾਨਕ ਲੋਕਾਂ ਦੇ ਇਕ ਸਮੂਹ ਨੇ ਬੱਸ ਦੇ ਇਕ ਸਹਾਇਕ ਨਾਲ ਕਥਿਤ ਤੌਰ ‘ਤੇ ਕੁੱਟਮਾਰ ਕੀਤੀ ਸੀ, ਜਿਸ ਤੋਂ ਬਾਅਦ ਝੜਪ ਸ਼ੁਰੂ ਹੋ ਗਈ ਸੀ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਝੜਪ ਨੇ ਉਦੋਂ ਹੋਰ ਭਿਆਨਕ ਰੂਪ ਲੈ ਲਿਆ, ਜਦੋਂ ਸੋਸ਼ਲ ਮੀਡੀਆ ‘ਤੇ ਇਹ ਅਫਵਾਹ ਫੈਲਾਈ ਗਈ ਕਿ ਜ਼ਖਮੀ ਸਹਾਇਕ ਦੀ ਮੌਤ ਹੋ ਗਈ, ਜਿਸ ਨਾਲ ਥੇਮ ਮੇਟੋਰ ‘ਚ ਬੱਸ ਚਾਲਕਾਂ ਦਾ ਸਮੂਹ ਇਕੱਠਾ ਹੋ ਗਿਆ। ਭੀੜ ਨੂੰ ਭਜਾਉਣ ਲਈ ਪੁਲਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।
ਪੂਰਵੀ ਖਾਸੀ ਹਿਲਸ ਦੇ ਜ਼ਿਲਾ ਅਧਿਕਾਰੀਆਂ ਨੇ ਦੱਸਿਆ ਹੈ ਕਿ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ ਲਈ ਪੂਰੇ ਸ਼ਹਿਰ ‘ਚ ਕੱਲ ਰਾਤ 10 ਵਜੇ ਤੋਂ ਸਵੇਰ ਦੇ 5 ਵਜੇ ਤੱਕ ਕਰਫਿਊ ਲਗਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਤਿੰਨ ਸਥਾਨਕ ਲੜਕਿਆਂ ਨਾਲ ਹੋਈ ਕੁੱਟਮਾਰ ‘ਚ ਸ਼ਾਮਿਲ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੇ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਅਫਵਾਹਾਂ ਨੂੰ ਰੋਕਣ ਲਈ ਇੰਟਰਨੈੱਟ ਸੇਵਾਵਾਂ ਨੂੰ ਅੱਜ ਵੀ ਬੰਦ ਕੀਤਾ ਗਿਆ ਹੈ। ਸੂਬਾ ਸਰਕਾਰ ਇਸ ‘ਤੇ ਅੱਜ ਦੁਪਹਿਰ ਤੱਕ ਫੈਸਲਾ ਲਵੇਗੀ। ਮੁੱਖ ਮੰਤਰੀ ਕੋਨਰਾਡ ਦੇ ਸੰਗਮਾ ਨੇ ਕੱਲ ਇਕ ਉੱਚ ਪੱਧਰੀ ਬੈਠਕ ਕੀਤੀ। ਉਨ੍ਹਾਂ ਨੇ ਲੋਕਾਂ ਨਾਲ ਸ਼ਾਂਤੀ ਬਣਾਏ ਰੱਖਣ ਅਤੇ ਸ਼ਿਲਾਂਗ ‘ਚ ਸਥਿਤੀ ਆਮ ਬਣਾਉਣ ਦੀ ਅਪੀਲ ਕੀਤੀ।