‘ਨਿਪਾਹ’ ਵਾਇਰਸ ‘ਤੇ ਸਰਕਾਰ ਨੇ ਵਧਾਈ ਚੌਕਸੀ, 12 ਜੂਨ ਤੱਕ ਸਕੂਲ-ਕਾਲਜ ਬੰਦ

ਨਵੀਂ ਦਿੱਲੀ — ਕੇਰਲਾ ਸਰਕਾਰ ਨੇ ਖ਼ਤਰਨਾਕ ਵਾਇਰਸ ਨਿਪਾਹ ਉੱਤੇ ਚੌਕਸੀ ਵਧਾ ਦਿੱਤੀ ਹੈ। ਸਾਵਧਾਨੀ ਵਜੋਂ ਕੋਝੀਕੋਡ ਵਿਚ 12 ਜੂਨ ਤੱਕ ਸਕੂਲ ਅਤੇ ਕਾਲਜ ਬੰਦ ਰਹਿਣਗੇ। ਇਸ ਵਾਇਰਸ ਕਾਰਨ ਕੋਝੀਕੋਡ ਅਤੇ ਮਲਪੁਰਮ ਜ਼ਿਲੇ ਵਿਚ ਵਾਇਰਸ ਕਾਰਨ 16 ਮੌਤਾਂ ਹੋ ਚੁੱਕੀਆਂ ਹਨ। ਪਬਲਿਕ ਸਰਵਿਸ ਕਮਿਸ਼ਨ ਨੇ 16 ਜੂਨ ਤੱਕ ਸਾਰੇ ਲਿਖਤੀ ਅਤੇ ਆਨਲਾਈਨ ਇਮਤਿਹਾਨਾਂ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਇਲਾਵਾ ਦੋਵਾਂ ਜ਼ਿਲ੍ਹਿਆਂ ਵਿਚ ਇਸ ਮਹੀਨੇ ਦੀਆਂ ਸਾਰੀਆਂ ਮੀਟਿੰਗਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਲੋਕਾਂ ਨੂੰ ਬਹੁਤ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ।
ਕੇਰਲਾ ਸਰਕਾਰ ਨੇ ਖ਼ਤਰਨਾਕ ਵਾਇਰਸ ਨਿਪਾਹ ਉੱਤੇ ਚੌਕਸੀ ਵਧਾ ਦਿੱਤੀ ਹੈ। ਇਕ ਅਧਿਕਾਰੀ ਅਨੁਸਾਰ ਵਾਇਰਸ ਦੇ ਲੱਛਣਾਂ ਵਾਲੇ ਛੇ ਵਿਅਕਤੀਆਂ ਨੂੰ ਕੋਝੀਕੋਡ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਹੈ। ਕੋਝੀਕੋਡ ਮੈਡੀਕਲ ਕਾਲਜ ਵਿਚ ਇਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜੋ ਲੋਕਾਂ ਨਾਲ ਸੰਪਰਕ ਕਰੇਗਾ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਪ੍ਰਾਪਤ ਕਰੇਗਾ। ਨਿਪਾਹ ਵਾਇਰਸ ਕਾਰਨ ਦੋ ਲੋਕਾਂ ਦੀ ਮੌਤ ਤੋਂ ਬਾਅਦ ਬਾਲੁਸੇਰੀ ਸਥਿਤ ਇਕ ਹਸਪਤਾਲ ਦੇ ਚਾਰ ਡਾਕਟਰਾਂ ਅਤੇ ਨਰਸਾਂ ਸਮੇਤ ਕਈ ਕਰਮਚਾਰੀਆਂ ਨੂੰ ਛੁੱਟੀ ‘ਤੇ ਜਾਣ ਲਈ ਕਿਹਾ ਗਿਆ ਹੈ। ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਕਿਹਾ ਹੈ ਕਿ ਕੋਝੀਕੋਡੇ ਅਤੇ ਮਲਪੁਰਮ ਜ਼ਿਲ੍ਹੇ ‘ਚ ਵਾਇਰਸ ਦੇ ਦੂਸਰੇ ਫੇਜ਼ ‘ਚ ਪਹੁੰਚਣ ਦੇ ਸ਼ੱਕ ਦੇ ਮੱਦੇਨਜ਼ਰ ਸਰਕਾਰ ਨੇ ਰੋਕਥਾਮ ਲਈ ਕਈ ਕਦਮ ਚੁੱਕੇ ਹਨ ਅਤੇ ਲੋਕਾਂ ਨੂੰ ਚੌਕੰਣਾਂ ਰਹਿਣ ਲਈ ਕਿਹਾ ਹੈ।
ਸੂਤਰਾਂ ਮੁਤਾਬਕ ਕੋਝੀਕੌਡ ਦੇ ਜ਼ਿਲ੍ਹਾ ਕੁਲੈਕਟਰ ਯੂ.ਵੀ. ਜੋਸ ਨਿਪਾਹ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹੇ ਦੀ ਮੌਜੂਦਾ ਸਥਿਤੀ ਦੀ ਇਕ ਰਿਪੋਰਟ ਕੇਰਲ ਹਾਈ ਕੋਰਟ ਵਿਚ ਦਰਜ ਕਰਵਾਉਣਗੇ। ਨਿਪਾਹ ਦੇ ਕਾਰਨ ਕੋਝੀਕੌਡ ਜ਼ਿਲ੍ਹਾ ਅਦਾਲਤ ਕੰਪਲੈਕਸ ਦੇ ਸੁਪਰਡੈਂਟ ਦੀ ਮੌਤ ਹੋਣ ਕਾਰਨ ਯੂਨੀਅਨ ਨੇ ਕੁਲੈਕਟਰ ਨੂੰ ਅਪੀਲ ਕੀਤੀ ਹੈ ਕਿ ਉਹ ਕੁਝ ਸਮੇਂ ਲਈ ਜ਼ਿਲਾ ਅਦਾਲਤ ਨੂੰ ਬੰਦ ਕਰ ਦੇਣ। ਸੂਬੇ ਦੇ ਸਿਹਤ ਅਧਿਕਾਰੀਆਂ ਨੇ 14 ਮਈ ਤੋਂ ਕੋਝੀਕੌਡ ਮੈਡੀਕਲ ਕਾਲਜ, ਐਮਰਜੈਂਸੀ ਸੇਵਾਵਾਂ, ਸੀ.ਟੀ. ਸਕੈਨ ਰੂਮ ਅਤੇ ਵੇਟਿੰਗ ਰੂਮ ‘ਚ ਆਉਣ ਵਾਲੇ ਲੋਕਾਂ ਨੂੰ ਤੁਰੰਤ ਨਿਪਾਹ ਸੈੱਲ ਸਟਾਫ ਨਾਲ ਸੰਪਰਕ ਕਰਨ ਲਈ ਕਿਹਾ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਕਿ ਨਿਪਾਹ ਵਾਇਰਸ ਦੀ ਜਾਂਚ ਲਈ ਹੁਣ ਤੱਕ 196 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 18 ਇਸ ਰੋਗ ਦੇ ਪੀੜਤ ਦੇਖੇ ਗਏ। ਜ਼ਿਕਰਯੋਗ ਹੈ ਕਿ ਹੁਣ ਤੱਕ ਇਸ ਬਿਮਾਰੀ ਕਾਰਨ 16 ਲੋਕ ਮਰ ਚੁੱਕੇ ਹਨ।