ਦੋ ਤਿਹਾਈ ਬਹੁਮਤ ਹਾਸਲ ਕਰਨ ਤੋਂ ਬਾਅਦ ਕੈਪਟਨ ਸਰਕਾਰ ਕਰ ਸਕਦੀ ਹੈ ਵੱਡੇ ਬਦਲਾਅ

ਜਲੰਧਰ— ਸ਼ਾਹਕੋਟ ਜ਼ਿਮਨੀ ਚੋਣ ‘ਚ ਮਿਲੀ ਵੱਡੀ ਜਿੱਤ ਨਾਲ ਵਿਧਾਨ ਸਭਾ ਵਿੱਚ ਕਾਂਗਰਸ ਸਰਕਾਰ ਨੂੰ ਦੋ ਤਿਹਾਈ ਬਹੁਮਤ ਹਾਸਲ ਹੋ ਗਿਆ ਹੈ। ਦੋ ਤਿਹਾਈ ਬਹੁਮਤ ਦਾ ਮਤਲਬ ਹੈ ਕਿ ਹੁਣ ਸਰਕਾਰ ਵਿਧਾਨ ਸਭਾ ‘ਚ ਵੱਡੇ ਨੀਤੀਗਤ ਫੈਸਲੇ ਲੈ ਸਕੇਗੀ। ਵਿਰੋਧੀ ਧਿਰ ਦੇ ਬਾਵਜੂਦ ਇਹ ਬਿੱਲ ਪਾਸ ਕੀਤੇ ਜਾ ਸਕਣਗੇ।
ਤੁਹਾਨੂੰ ਦੱਸ ਦਈਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਕੋਟ ਰੈਲੀ ‘ਚ ਇਹ ਐਲਾਨ ਕੀਤਾ ਕਿ ਇਹ ਸੀਟ ਜਿੱਤਣ ਨਾਲ ਬਹੁਮਤ ਮਿਲੇਗਾ ਅਤੇ ਪੰਜਾਬ ਦੇ ਹਿੱਤ ‘ਚ ਵੱਡੇ ਬਦਲਾਅ ਦੇ ਫੈਸਲੇ ਬਿਨਾਂ ਰੁਕਾਵਟ ਲਏ ਜਾ ਸਕਣਗੇ। ਵਿਧਾਨ ਸਭਾ ‘ਚ ਕੋਈ ਵੀ ਬਿੱਲ ਪਾਸ ਕਰਨ ਦੇ ਲਈ ਅਤੇ ਉਸ ‘ਚ ਬਦਲਾਅ ਲਈ ਦੋ ਤਿਹਾਈ ਬਹੁਮਤ ਜ਼ਰੂਰੀ ਹੈ।
ਸਰਕਾਰ ਇਨ੍ਹਾਂ ‘ਤੇ ਲੈ ਸਕਦੀ ਹੈ ਵੱਡੇ ਫੈਸਲੇ
ਪੰਜਾਬ ਸਰਕਾਰ ਵਾਤਾਵਰਣ, ਇੰਡਸਟਰੀ, ਮਾਈਨਿੰਗ, ਬਿਜਲੀ ਖਰੀਦ ਦੇ ਪੁਰਾਣੇ ਸਮਝੌਤਿਆਂ ‘ਤੇ ਫੈਸਲਾ ਲੈਣਾ ਚਾਹੁੰਦੀ ਹੈ। ਵਾਤਾਵਰਣ ਰਾਂਖਵਾਕਰਨ ਦੇ ਲਈ ਸਖਤ ਬਿੱਲ ਲਿਆਂਦਾ ਜਾ ਸਕਦਾ ਹੈ। ਦਰਿਆਵਾਂ ਨੂੰ ਗੰਦਗੀ ਤੋਂ ਬਚਾਉਣ ਲਈ ਸਰਕਾਰ ਮੁਹਿੰਮ ਸ਼ੁਰੂ ਕਰਨਾ ਚਾਹੁੰਦੀ ਹੈ। ਸੂਬੇ ‘ਚ ਮਾਈਨਿੰਗ ਵੱਡਾ ਮੁੱਦਾ ਹੈ। ਇਸ ‘ਤੇ ਅਜੇ ਸਰਕਾਰ ਨਵੀਂ ਪਾਲਿਸੀ ਲਿਆਉਣਾ ਚਾਹੁੰਦੀ ਹੈ। ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬਿਜਲੀ ਖਰੀਦ ਦੇ ਕਈ ਸਮਝੌਤੇ ਹੋਏ ਸਨ। ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਇਨ੍ਹਾਂ ਸਮਝੌਤਿਆਂ ਨੂੰ ਮਹਿੰਗਾ ਦੱਸਦੇ ਰਹੇ ਹਨ। ਇਨ੍ਹਾਂ ਸਮਝੌਤਿਆਂ ਨੂੰ ਸਰਕਾਰ ਰੱਦ ਕਰ ਸਕਦੀ ਹੈ। ਸਰਕਾਰ ਇੰਡਸਟਰੀ ਪਾਲਿਸੀ ‘ਚ ਵੀ ਵੱਡਾ ਬਦਲਾਅ ਕਰਨਾ ਚਾਹੁੰਦੀ ਹੈ।