ਫ਼ਿਕਸਿੰਗ ਦੇ ਘੇਰੇ ‘ਚ ਸਾਬਕਾ ਰਣਜੀ ਖਿਡਾਰੀ

ਨਵੀਂ ਦਿੱਲੀ – ਮੁੰਬਈ ਦੇ ਸਾਬਕਾ ਰਣਜੀ ਕ੍ਰਿਕਟਰ ਰੌਬਿਨ ਮੌਰਿਸ ਦੇ ਕਥਿਤ ਤੌਰ ‘ਤੇ ਫ਼ਿਕਸਿੰਗ ਵਿੱਚ ਸ਼ਾਮਿਲ ਹੋਣ ਦੀਆਂ ਖ਼ਬਰਾਂ ਵਿਚਾਲੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸਪੱਸ਼ਟ ਕੀਤਾ ਹੈ ਕਿ ਉਹ ਭ੍ਰਿਸ਼ਟਾਚਾਰ ਨੂੰ ਲੈ ਕੇ ਆਪਣੀ ਜ਼ੀਰੋ ਟੌਲਰੈਂਸ ਨੀਤੀ ‘ਤੇ ਬਰਕਰਾਰ ਹੈ। ਮੀਡੀਆ ਸੰਗਠਨ ਅਲਜਜ਼ੀਰਾ ਦੇ ਸਟਿੰਗ ਔਪ੍ਰੇਸ਼ਨ ਵਿੱਚ ਲਾਏ ਗਏ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਤੋਂ ਬਾਅਦ BCCI ਨੇ ਜਾਰੀ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਹ ਖੇਡ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਪ੍ਰਤੀਬੱਧ ਹੈ।
BCCI ਦੇ ਕਾਰਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਅਧਿਕਾਰਤ ਬਿਆਨ ਵਿੱਚ ਕਿਹਾ, ”BCCI ਦੀ ਭ੍ਰਿਸ਼ਟਾਚਾਰ ਰੋਕੂ ਸ਼ਾਖਾ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਦੀ ਭ੍ਰਿਸ਼ਸ਼ਟਾਚਾਰ ਰੋਕੂ ਇਕਾਈ ਨਾਲ ਮਿਲ ਕੇ ਉਨ੍ਹਾਂ ਦੋਸ਼ਾਂ ਦੀ ਸਮੀਖਿਆ ਕਰ ਰਹੀ ਹੈ ਜਿਸ ਦਾ ਦਾਅਵਾ ਇੱਕ ਸਮਾਚਾਰ ਚੈਨਲ ਨੇ ਕੀਤਾ ਹੈ।” ਮੁੰਬਈ ਦੇ ਸਾਬਕਾ ਰਣਜੀ ਕ੍ਰਿਕਟਰ ਮੌਰਿਸ ‘ਤੇ ਸਮਾਚਾਰ ਚੈਨਲ ਅਲਜਜ਼ੀਰਾ ਦੇ ਸਟਿੰਗ ਔਪ੍ਰੇਸ਼ਨ ਵਿੱਚ ਫ਼ਿਕਸਿੰਗ ਦੇ ਦੋਸ਼ ਲਾਏ ਗਏ ਹਨ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ICC ਨੇ ਵੀ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਮਾਮਲਾ ਪਿੱਚ ਫ਼ਿਕਸਿੰਗ ਨਾਲ ਜੁੜਿਆ ਹੈ। ਮੁੰਬਈ ਕ੍ਰਿਕਟ ਸੰਘ (MCA) ਨੇ ਫ਼ਿਲਹਾਲ ਜਾਰੀ ਜਾਂਚ ਦਾ ਹਵਾਲਾ ਦਿੰਦੇ ਹੋਏ ਕੋਈ ਟਿੱਪਣੀ ਨਹੀਂ ਕੀਤੀ ਹੈ।