ਸਿਹਤਮੰਦ ਰਹਿਣ ਲਈ ਵਰਤੋ ਫ਼ਾਈਬਰ ਡਾਈਟ

ਸਰੀਰ ਨੂੰ ਸਿਹਤਮੰਦ ਰੱਖਣ ਲਈ ਵਿਟਾਮਿਨਸ, ਪ੍ਰੋਟੀਨ, ਕੈਲਸ਼ੀਅਮ,ਫ਼ਾਈਬਰ ਆਦਿ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ‘ਚੋਂ ਇੱਕ ਵੀ ਤੱਤ ਦੀ ਕਮੀ ਹੋਣ ‘ਤੇ ਸਰੀਰ ਨੂੰ ਕਈ ਬੀਮਾਰੀਆਂ ਆ ਕੇ ਘੇਰਣ ਲੱਗਦੀਆਂ ਹਨ। ਅੱਜ ਅਸੀਂ ਤੁਹਾਨੂੰ ਫ਼ਾਈਬਰ ਦੀ ਕਮੀ ਦੂਰ ਕਰਨ ਦੇ ਉਪਾਅ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਕਮੀ ਹੋਣ ‘ਤੇ ਕਈ ਹੈਲਥ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ। ਫ਼ਾਈਬਰ ਵਾਲੇ ਭੋਜਨ ਨੂੰ ਖਾਣ ਨਾਲ ਦਿਲ ਦੀਆਂ ਬੀਮਾਰੀਆਂ, ਡਾਇਬਿਟੀਜ਼, ਮੋਟਾਪਾ, ਕੈਂਸਰ ਵਰਗੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਔਰਤਾਂ ਨੂੰ ਦਿਨ ‘ਚ 25 ਗ੍ਰਾਮ ਅਤੇ ਮਰਦਾਂ ਨੂੰ 35 ਤੋਂ 40 ਗ੍ਰਾਮ ਰੇਸ਼ੇ ਲੈਣ ਦੀ ਜ਼ਰੂਰਤ ਹੁੰਦੀ ਹੈ।
ਫ਼ਾਈਬਰ ਦੀ ਕਮੀ ਦੇ ਲੱਛਣ
1. ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਨਾ ਹੋਣਾ।
2. ਕਬਜ਼ ਦੀ ਸਮੱਸਿਆ ਜ਼ਿਆਦਾ ਦੇਰ ਰਹਿਣ ਨਾਲ ਬਵਾਸੀਰ ਹੋ ਸਕਦੀ ਹੈ।
3. ਖੂਨ ‘ਚ ਕੋਲੈਸਟਰੋਲ ਅਤੇ ਸ਼ੱਕਰ ਦੀ ਜ਼ਿਆਦਾ ਮਾਤਰਾ ਵਧ ਜਾਂਦੀ ਹੈ।
ਫ਼ਾਈਬਰ ਦੀ ਪੂਰਤੀ ਲਈ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ
1. ਦਾਲਾਂ
ਦਾਲਾਂ ‘ਚ ਫ਼ਾਈਬਰ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ ਪਰ ਦਾਲਾਂ ਨੂੰ ਖਾਣਾ ਕੋਈ ਵੀ ਪਸੰਦ ਨਹੀਂ ਕਰਦਾ। ਇਸ ਦੀ ਵਰਤੋਂ ਲਈ ਤੁਸੀਂ ਦਾਲਾਂ ਦੇ ਕਟਲੇਟ ਬਣਾ ਕੇ ਖਾ ਸਕਦੇ ਹੋ।
2. ਫ਼ਲਾਂ ਦੀ ਵਰਤੋਂ
ਫ਼ਾਈਬਰ ਦੀ ਪੂਰਤੀ ਲਈ ਨਾਸ਼ਤੇ ‘ਚ ਫ਼ਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਲਈ ਸੇਬ ਅਤੇ ਨਾਸ਼ਪਤੀ ਵਰਗੇ ਫ਼ਲਾਂ ਦੀ ਛਿਲਕੇ ਸਮੇਤ ਵਰਤੋਂ ਕਰੋ। ਇਸ ਦੇ ਨਾਲ ਹੀ ਤੁਸੀਂ ਫ਼ਲਾਂ ਦੇ ਜੂਸ ਦੀ ਵੀ ਵਰਤੋਂ ਕਰ ਸਕਦੇ ਹੋ।
3. ਮੱਕੇ ਦੀ ਵਰਤੋਂ
ਫ਼ਾਈਬਰ ਲਈ ਆਪਣੀ ਡਾਈਟ ‘ਚ ਮੱਕਾ ਜ਼ਰੂਰ ਸ਼ਾਮਲ ਕਰੋ। ਇਸ ਨੂੰ ਇੱਕ ਵਾਰ ਖਾਣ ਨਾਲ ਸਰੀਰ ਨੂੰ ਘੱਟ ਤੋਂ ਘੱਟ ਚਾਰ ਗ੍ਰਾਮ ਫ਼ਾਈਬਰ ਮਿਲਦਾ ਹੈ। ਇਸ ਤੋਂ ਇਲਾਵਾ ਕਣਕ ਨਾਲ ਬਣੀ ਬ੍ਰੈੱਡ ਜਾਂ ਪਾਸਤੇ ਦੀ ਵਰਤੋਂ ਕਰੋ।
4. ਹਰੀਆਂ ਸਬਜ਼ੀਆਂ
ਆਪਣੀ ਡਾਈਟ ‘ਚ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰੋ। ਇਸ ਲਈ ਮੂਲੀ, ਪੱਤਾਗੋਭੀ, ਸ਼ਲਗਮ ਆਦਿ ਨੂੰ ਸਲਾਦ ਦੇ ਰੂਪ ‘ਚ ਖਾਓ।
5. ਬ੍ਰਾਊਨ ਰਾਈਸ
ਸਰੀਰ ‘ਚ ਫ਼ਾਈਬਰ ਦੀ ਮਾਤਰਾ ਵਧਾਉਣ ਲਈ ਸਾਨੂੰ ਨਾਰਮਲ ਚੌਲਾਂ ਦੀ ਥਾਂ ਬ੍ਰਾਊਨ ਰਾਈਸ ਦੀ ਵਰਤੋਂ ਕਰਨੀ ਚਾਹੀਦੀ ਹੈ।
6. ਓਟਮੀਲ
ਓਟਸ ‘ਚ ਬੀਟਾ ਗਲੂਕੋਨ ਤੱਤ ਮੌਜੂਦ ਹੁੰਦੇ ਹਨ ਜਿਸ ‘ਚ ਸਪੈਸ਼ਲ ਟਾਈਪ ਦਾ ਫ਼ਾਈਬਰ ਹੁੰਦਾ ਹੈ। ਇਹ ਸਰੀਰ ‘ਚ ਕੋਲੈਸਟਰੋਲ ਦੇ ਲੈਵਲ ਨੂੰ ਘੱਟ ਅਤੇ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦਾ ਹੈ। ਇਸ ਨੂੰ ਖਾਣ ਨਾਲ ਫ਼ਾਈਬਰ ਦੀ ਕਮੀ ਦੂਰ ਹੋ ਜਾਂਦੀ ਹੈ।