ਨਵੀਂ ਦਿੱਲੀ — ਲੱਖਾਂ ਜਨਤਕ ਖੇਤਰ ਦੇ ਬੈਂਕ ਅੱਜ ਲਗਾਤਾਰ ਦੂਜੇ ਦਿਨ ਹੜਤਾਲ ‘ਤੇ ਹਨ। ਕਰਮਚਾਰੀਆਂ ਦੇ ਹੜਤਾਲ ‘ਤੇ ਜਾਣ ਕਰਕੇ ਪੂਰੇ ਦੇਸ਼ ਦੀਆਂ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਇੰਡੀਅਨ ਬੈਂਕਰਸ ਐਸੋਸੀਏਸ਼ਨ (ਆਈ.ਬੀ.ਏ.) ਸੰਸਥਾ ਵੱਲੋਂ ਸਿਰਫ ਦੋ ਫੀਸਦੀ ਤਨਖਾਹ ਵਧਾਉਣ ਦੇ ਵਿਰੋਧ ਵਿਚ ਦੇਸ਼ ਦੇ ਬੈਂਕ ਕਰਮਚਾਰੀ 30 ਮਈ ਅਤੇ 31 ਮਈ ਨੂੰ ਦੇਸ਼ ਭਰ ਵਿਚ ਹੜਤਾਲ ਕਰ ਰਹੇ ਹਨ।
ਤਨਖਾਹ ਮਿਲਣ ‘ਚ ਹੋਵੇਗੀ ਪਰੇਸ਼ਾਨੀ
ਸਰਕਾਰੀ ਅੰਦਾਜ਼ਿਆਂ ਅਨੁਸਾਰ ਸਿਰਫ 25 ਫੀਸਦੀ ਬੈਂਕ ਦੀਆਂ ਸ਼ਾਖਾਵਾਂ ‘ਚ ਬੁੱਧਵਾਰ ਨੂੰ ਆਮ ਕੰਮ ਹੋ ਸਕਿਆ। ਭਾਵੇਂ 80 ਫ਼ੀਸਦੀ ਏ.ਟੀ.ਐੈੱਮ. ਕੰਮ ਕਰ ਰਹੇ ਸਨ ਜਿਸ ਕਾਰਨ ਲੋਕਾਂ ਨੂੰ ਨਕਦ ਕਢਵਾਉਣ ਦੀ ਸਹੂਲਤ ਮਿਲਦੀ ਰਹੀ। ਆਲ ਇੰਡੀਆ ਬੈਂਕ ਕਰਮਚਾਰੀ ਐਸੋਸੀਏਸ਼ਨ ਦੇ ਇਕ ਬਿਆਨ ਅਨੁਸਾਰ ਇਕ ਲੱਖ ਬੈਂਕ ਕਰਮਚਾਰੀ ਹੜਤਾਲ ਵਿਚ ਸ਼ਾਮਲ ਹਨ। ਇਹ ਕਰਮਚਾਰੀ 21 ਜਨਤਕ ਖੇਤਰ ਦੇ ਬੈਂਕਾਂ ਤੋਂ ਇਲਾਵਾ ਪੁਰਾਣੇ 13 ਪ੍ਰਾਈਵੇਟ ਬੈਂਕ , ਛੇ ਵਿਦੇਸ਼ੀ ਬੈਂਕ, 56 ਖੇਤਰੀ ਦਿਹਾਤੀ ਬੈਂਕਾਂ ਵਿਚ ਕੰਮ ਕਰਦੇ ਹਨ। ਹੜਤਾਲ ਉਸ ਸਮੇਂ ਹੋ ਰਹੀ ਹੈ ਜਦੋਂ ਮਹੀਨੇ ਦੇ ਆਖਿਰ ‘ਚ ਬੈਂਕਾਂ ਵਿਚੋਂ ਤਨਖਾਹ ਕਢਵਾਉਣ ਦਾ ਸਮਾਂ ਹੁੰਦਾ ਹੈ। ਕਰਮਚਾਰੀਆਂ ਨੂੰ ਤਨਖਾਹ ਲੈਣ ਲਈ ਮੁਸ਼ਕਲ ਹੋ ਸਕਦੀ ਹੈ।
20 ਹਜ਼ਾਰ ਕਰੋੜ ਦਾ ਲੈਣ-ਦੇਣ ਹੋ ਸਕਦੈ ਪ੍ਰਭਾਵਿਤ
ਇਸ ਦੌਰਾਨ ਉਦਯੋਗਿਕ ਸੰਗਠਨ ਨੇ ਕਿਹਾ ਹੈ ਕਿ ਦੋ ਦਿਨਾਂ ਦੀ ਬੈਂਕਿੰਗ ਹੜਤਾਲ ਕਾਰਨ 20 ਹਜ਼ਾਰ ਕਰੋੜ ਰੁਪਏ ਦੀ
ਲਾਗਤ ਦੇ ਟਰਾਂਸਜੈਕਸ਼ਨ ‘ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਨਤਕ ਬੈਂਕਾਂ ਦੀ ਵਿੱਤੀ ਸਥਿਤੀ ਨੂੰ ਸੁਧਾਰਨ ਲਈ ਰਾਹਤ ਪੈਕੇਜ ਮੁਹੱਈਆ ਕਰਵਾਏ ਜਾਣ। ਵੱਧ ਰਹੀ ਐਨ.ਪੀ.ਏ. (ਫਸੇ ਹੋਏ ਲੋਨ) ਦੇ ਕਾਰਨ ਬੈਂਕਾਂ ਨੂੰ ਬਹੁਤ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਇਸ ਲਈ ਰਕਮ ਦੀ ਵਿਵਸਥਾ ਕਰਨ ਦੇ ਕਾਰਨ ਬੈਂਕਾਂ ਨੂੰ ਜ਼ਬਰਦਸਤ ਘਾਟਾ ਹੋ ਰਿਹਾ ਹੈ। ਬੀਤੀ ਮਾਰਚ ਦੀ ਤਿਮਾਹੀ ‘ਚ ਸਰਕਾਰੀ ਬੈਂਕਾਂ ਦਾ ਨੁਕਸਾਨ 50,000 ਕਰੋੜ ਰੁਪਏ ਦੇ ਰਿਕਾਰਡ ਪੱਧਰ ‘ਤੇ ਪੁੱਜ ਗਿਆ ਹੈ। ਦਸੰਬਰ 2017 ਦੀ ਤਿਮਾਹੀ ‘ਚ ਸਰਕਾਰੀ ਬੈਂਕਾਂ ਦਾ ਕੁੱਲ ਘਾਟਾ 19,000 ਕਰੋੜ ਰੁਪਏ ਸੀ।